ਨਵੀਂ ਦਿੱਲੀ: ਦਿੱਲੀ ਕੋਰਟ ਨੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿੱਚ ਜਨਵਰੀ 2019 ਨੂੰ ਹੋਈ ਕਥਿਤ ਹਿੰਸਾ ਮਾਮਲੇ ਵਿੱਚ ਜੇਐੱਨਯੂ ਦੇ ਵਿਦਿਆਰਥੀ ਸ਼ਰਜੀਲ ਇਮਾਮ ਨੂੰ ਜ਼ਮਾਨਤ ਦੇ ਦਿੱਤੀ ਹੈ। ਚੀਫ ਮੈਟਰੋਪਾਲਿਟਨ ਮੈਜਿਸਟਰੇਟ ਦਿਨੇਸ਼ ਕੁਮਾਰ ਨੇ ਜ਼ਮਾਨਤ ਮਨਜ਼ੂਰ ਕਰਦਿਆਂ ਇਮਾਮ ਨੂੰ 25000 ਰੁਪਏ ਦਾ ਬਾਂਡ ਤੇ ਇੰਨੀ ਹੀ ਰਾਸ਼ੀ ਦੀ ਇਕ ਜ਼ਾਮਨੀ ਭਰਨ ਲਈ ਕਿਹਾ ਹੈ। ਜੱਜ ਨੇ ਆਪਣੇ ਹੁਕਮਾਂ ਵਿੱਚ ਕਿਹਾ, ‘‘ਅਪਰਾਧ ਦੀ ਖਸਲਤ ਤੇ ਇਸ ਤੱਥ ਕਿ ਮੁਲਜ਼ਮ ਨੂੰ ਜਾਂਚ ਦੌਰਾਨ ਗ੍ਰਿਫ਼ਤਾਰ ਨਹੀਂ ਕੀਤਾ ਗਿਆ, ’ਤੇ ਗੌਰ ਕਰਦਿਆਂ ਜ਼ਮਾਨਤ ਮਨਜ਼ੂਰ ਕੀਤੀ ਜਾਂਦੀ ਹੈ।’’ ਜ਼ਮਾਨਤ ਮਿਲਣ ਦੇ ਬਾਵਜੂਦ ਇਮਾਮ ਅਜੇ ਜੇਲ੍ਹ ਵਿਚ ਹੀ ਰਹੇਗਾ ਕਿਉਂਕਿ ਦਿੱਲੀ ਹਿੰਸਾ ਨਾਲ ਜੁੜੇ ਤਿੰਨ ਹੋਰਨਾਂ ਕੇਸਾਂ ਵਿੱਚ ਉਹ ਮੁਲਜ਼ਮ ਵਜੋਂ ਨਾਮਜ਼ਦ ਹੈ। ਇਸ ਤੋਂ ਪਹਿਲਾਂ ਕੋਰਟ ਨੇ ਅਕਤੂਬਰ ਵਿੱਚ ਇਹ ਕਹਿੰਦਿਆਂ ਇਮਾਮ ਨੂੰ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਸੀ ਕਿ ਫ਼ਿਰਕੂ ਅਮਨ ਤੇ ਸਦਭਾਵਨਾ ਦੀ ਕੀਮਤ ’ਤੇ ਬੋਲਣ ਦੀ ਆਜ਼ਾਦੀ ਦੇ ਹੱਕ ਨੂੰ ਨਹੀਂ ਵਰਤਿਆ ਜਾ ਸਕਦਾ। -ਪੀਟੀਆਈ