ਨਵੀਂ ਦਿੱਲੀ, 20 ਨਵੰਬਰ
ਦਿੱਲੀ ਦੀ ਇਕ ਅਦਾਲਤ ਨੇ ਜੇਐਨਯੂ ਵਿਦਿਆਰਥੀ ਉਮਰ ਖ਼ਾਲਿਦ ਤੇ ਖੋਜਾਰਥੀ ਸ਼ਰਜੀਲ ਇਮਾਮ ਦੀ ਨਿਆਂਇਕ ਹਿਰਾਸਤ ਵਿਚ 23 ਨਵੰਬਰ ਤੱਕ ਵਾਧਾ ਕਰ ਦਿੱਤਾ ਹੈ। ਇਹ ਦੋਵੇਂ ਦਿੱਲੀ ਦੰਗਿਆਂ ਦੇ ਕੇਸ ਵਿਚ ਜੇਲ੍ਹ ’ਚ ਹਨ। ਖ਼ਾਲਿਦ ਤੇ ਇਮਾਮ ਦੋਵਾਂ ਨੂੰ ਕਰੜੇ ਯੂਏਪੀਏ ਕਾਨੂੰਨ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।
ਹਿਰਾਸਤ ਦੀ ਮਿਆਦ ਖ਼ਤਮ ਹੋਣ ’ਤੇ ਇਨ੍ਹਾਂ ਨੂੰ ਅੱਜ ਵੀਡੀਓ ਕਾਨਫਰੰਸ ਰਾਹੀਂ ਵਧੀਕ ਸੈਸ਼ਨ ਜੱਜ ਅਮਿਤਾਭ ਰਾਵਤ ਅੱਗੇ ਪੇਸ਼ ਕੀਤਾ ਗਿਆ। ਦੋਵਾਂ ਖ਼ਿਲਾਫ਼ ਦੰਗੇ ਭੜਕਾਉਣ ਦੀ ‘ਸਾਜ਼ਿਸ਼’ ਵਿਚ ਸ਼ਾਮਲ ਹੋਣ ਦੇ ਦੋਸ਼ ਲਾਏ ਗਏ ਹਨ। ਖ਼ਾਲਿਦ ਖ਼ਿਲਾਫ਼ ਦਾਇਰ ਕੇਸ ਵਿਚ ਕਿਹਾ ਗਿਆ ਹੈ ਕਿ ਫ਼ਿਰਕੂ ਹਿੰਸਾ ਦੀ ਸਾਜ਼ਿਸ਼ ਯੋਜਨਾਬੱਧ ਢੰਗ ਨਾਲ ਘੜੀ ਗਈ ਸੀ। -ਆਈਏਐਨਐੱਸ