ਨਵੀਂ ਦਿੱਲੀ, 14 ਜੂਨ
ਅਡਾਨੀ ਸਮੂਹ ਦੀਆਂ ਕੁਝ ਕੰਪਨੀਆਂ ਵਿਚ ਹਿੱਸੇਦਾਰੀ ਰੱਖਣ ਵਾਲੇ ਕੁਝ ਐੱਫਪੀਆਈ ਖਾਤਿਆਂ ਨੂੰ ਨੈਸ਼ਨਲ ਸਕਿਓਰਿਟੀਜ਼ ਡਿਪੋਜ਼ਿਟਰੀ ਲਿਮਿਟਡ (ਐੱਨਐੱਸਡੀਐੱਲ) ਵੱਲੋਂ ਫ਼ਰੀਜ਼ ਕੀਤੇ ਜਾਣ ਦੀਆਂ ਖ਼ਬਰਾਂ ਤੋਂ ਬਾਅਦ ਅੱਜ ਸਵੇਰੇ ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰ 25 ਫ਼ੀਸਦ ਤੱਕ ਟੁੱਟ ਗਏ।
ਮਿਲੀ ਜਾਣਕਾਰੀ ਅਨੁਸਾਰ ਅੱਜ ਅਡਾਨੀ ਐਂਟਰਪ੍ਰਾਈਜ਼ਿਜ਼ ਦਾ ਸ਼ੇਅਰ ਬੀਐੱਸਈ 6.26 ਫ਼ੀਸਦ ਦੇ ਘਾਟੇ ਨਾਲ 1,501.25 ਰੁਪਏ ’ਤੇ ਬੰਦ ਹੋਇਆ ਅਤੇ ਅਡਾਨੀ ਪੋਰਟਸ ਤੇ ਵਿਸ਼ੇਸ਼ ਆਰਥਿਕ ਜ਼ੋਨ ਦਾ ਸ਼ੇਅਰ 8.36 ਫ਼ੀਸਦ ਦੇ ਨਿਘਾਰ ਨਾਲ 768.70 ਰੁਪਏ ’ਤੇ ਬੰਦ ਹੋਇਆ। ਇਸੇ ਤਰ੍ਹਾਂ ਅਡਾਨੀ ਗਰੀਨ ਐਨਰਜੀ ਦਾ ਸ਼ੇਅਰ 4.13 ਫ਼ੀਸਦ ਦੇ ਘਾਟੇ ਨਾਲ 1,175.95 ਰੁਪਏ ’ਤੇ ਬੰਦ ਹੋਇਆ, ਅਡਾਨੀ ਟੋਟਲ ਗੈਸ ਦਾ ਸ਼ੇਅਰ 5 ਫ਼ੀਸਦ ਦੇ ਨਿਘਾਰ ਨਾਲ 1544.55 ਰੁਪਏ ’ਤੇ, ਅਡਾਨੀ ਟਰਾਂਸਮਿਸ਼ਨ ਦਾ ਸ਼ੇਅਰ 5 ਫ਼ੀਸਦ ਦੇ ਘਾਟੇ ਨਾਲ 1517.25 ਰੁਪਏ ਅਤੇ ਅਡਾਨੀ ਪਾਵਰ ਦਾ ਸ਼ੇਅਰ 4.99 ਫ਼ੀਸਦ ਦੇ ਨਿਘਾਰ ਨਾਲ 140.90 ਰੁਪਏ ’ਤੇ ਪਹੁੰਚ ਗਿਆ।
ਇਨ੍ਹਾਂ ਸਾਰੇ ਸ਼ੇਅਰਾਂ ਨੇ ਕਾਰੋਬਾਰ ਦੌਰਾਨ ਆਪਣੀ ਹੇਠਲੀ ਸਰਕਟ ਸੀਮਾ ਨੂੰ ਪਾਰ ਕਰ ਲਿਆ। ਮੀਡੀਆ ਦੀਆਂ ਖ਼ਬਰਾਂ ਅਨੁਸਾਰ ਐੱਨਐੱਸਡੀਐੱਲ ਨੇ ਤਿੰਨ ਵਿਦੇਸ਼ੀ ਫੰਡਾਂ ਦੇ ਖਾਤਿਆਂ ਨੂੰ ਫਰੀਜ਼ ਕਰ ਦਿੱਤਾ ਹੈ ਜਿਨ੍ਹਾਂ ਕੋਲ ਅਡਾਨੀ ਸਮੂਹ ਦੀਆਂ ਚਾਰ ਕੰਪਨੀਆਂ ’ਚ ਹਿੱਸੇਦਾਰੀ ਹੈ। ਰਿਪੋਰਟ ਵਿਚ ਕਿਹਾ ਗਿਆ ਕਿ ਇਨ੍ਹਾਂ ਖਾਤਿਆਂ ਨੂੰ 31 ਮਈ ਜਾਂ ਉਸ ਤੋਂ ਪਹਿਲਾਂ ਫਰੀਜ਼ ਕਰ ਦਿੱਤਾ ਗਿਆ ਸੀ।
ਉੱਧਰ, ਅਰਬਪਤੀ ਗੌਤਮ ਅਡਾਨੀ ਦੇ ਸਮੂਹ ਨੇ ਅੱਜ ਕਿਹਾ ਕਿ ਉਸ ਕੋਲ ਲਿਖਤ ਸਪੱਸ਼ਟੀਕਰਨ ਹੈ ਕਿ ਉਸ ਦੇ ਚੋਟੀ ਦੇ ਹਿੱਸੇਦਾਰਾਂ ਵਿਚ ਸ਼ਾਮਲ ਤਿੰਨ ਵਿਦੇਸ਼ੀ ਪੋਰਟਫੋਲੀਓ ਨਿਵੇਸ਼ ਅਲਬੁਲਾ ਇਨਵੈਸਟਮੈਂਟ ਫੰਡ, ਕ੍ਰੈਸਟਾ ਫੰਡ ਤੇ ਏਪੀਐੇੱਮਐੱਸ ਇਨਵੈਸਟਮੈਂਟ ਫੰਡ ਦੇ ਖਾਤਿਆਂ ਨੂੰ ਫਰੀਜ਼ ਕੀਤੇ ਜਾਣ ਸਬੰਧੀ ਖ਼ਬਰਾਂ ਗ਼ਲਤ ਤੇ ਭਰਮਾਉਣ ਵਾਲੀਆਂ ਹਨ ਅਤੇ ਜਾਣਬੁੱਝ ਕੇ ਨਿਵੇਸ਼ਕਾਂ ਨੂੰ ਗੁੰਮਰਾਹ ਕਰਨ ਲਈ ਫੈਲਾਈਆਂ ਗਈਆਂ ਹਨ। ਹਾਲਾਂਕਿ, ਐੱਨਐੱਸਡੀਐੱਲ ਦੀ ਵੈੱਬਸਾਈਟ ’ਤੇ ਬਿਨਾ ਕੋਈ ਕਾਰਨ ਦੱਸੇ ਅਲਬੁਲਾ ਇਨਵੈਸਟਮੈਂਟ ਫੰਡ, ਕ੍ਰੈਸਟਾ ਫੰਡ ਅਤੇ ਏਪੀਐੱਮਐੱਸ ਇਨਵੈਸਟਮੈਂਟ ਫੰਡ ਦੇ ਖਾਤਿਆਂ ਨੂੰ ਜ਼ਬਤ ਕੀਤਾ ਹੋਇਆ ਦਰਸਾਇਆ ਗਿਆ ਹੈ।
ਉੱਧਰ, ਅਡਾਨੀ ਸਮੂਹ ਦੇ ਇਕ ਸੂਤਰ ਨੇ ਕਿਹਾ ਕਿ ਰਜਿਸਟਰਾਰ ਨੇ ਲਿਖਤ ਵਿਚ ਦੱਸਿਆ ਹੈ ਕਿ ਜਿਨ੍ਹਾਂ ਖਾਤਿਆਂ ਵਿਚ ਅਡਾਨੀ ਸਮੂਹ ਦੇ ਸ਼ੇਅਰ ਹਨ ਉਨ੍ਹਾਂ ਨੂੰ ਜ਼ਬਤ ਨਹੀਂ ਕੀਤਾ ਗਿਆ ਹੈ। -ਪੀਟੀਆਈ