ਨਵੀਂ ਦਿੱਲੀ/ਕੋਲਕਾਤਾ, 10 ਮਾਰਚ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ਾਰਦਾ ਚਿੱਟ ਫੰਡ ਕੇਸ ’ਚ ਜਾਂਚ ਲਈ ਉੱਘੇ ਬੰਗਾਲੀ ਕਲਾਕਾਰ ਸੁਭਾਪ੍ਰਸੰਨਾ ਅਤੇ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਸਮੀਰ ਚੱਕਰਵਰਤੀ ਨੂੰ ਤਲਬ ਕੀਤਾ ਹੈ।
ਤ੍ਰਿਣਮੂਲ ਕਾਂਗਰਸ ਦੇ ਤਰਜਮਾਨ ਕੁਨਾਲ ਘੋਸ਼ ਤੋਂ ਪੁੱਛ-ਗਿੱਛ ਦੇ ਅੱਠ ਦਿਨਾਂ ਮਗਰੋਂ ਦੋਵੇਂ ਵਿਅਕਤੀਆਂ ਨੂੰ ਸੰਮਨ ਜਾਰੀ ਹੋਏ ਹਨ। ਸੂਤਰਾਂ ਨੇ ਕਿਹਾ ਕਿ ਵਿਧਾਇਕ ਨੂੰ 12 ਮਾਰਚ ਅਤੇ ਸੁਭਾਪ੍ਰਸੰਨਾ ਨੂੰ 15 ਮਾਰਚ ਨੂੰ ਤਲਬ ਕੀਤਾ ਗਿਆ ਹੈ। ਦੋਹਾਂ ਦੇ ਬਿਆਨ ਕਾਲੇ ਧਨ ਨੂੰ ਸਫ਼ੈਦ ਬਣਾਉਣ ਤੋਂ ਰੋਕਣ ਸਬੰਧੀ ਐਕਟ ਤਹਿਤ ਦਰਜ ਕੀਤੇ ਜਾਣਗੇ। ਉਂਜ ਈਡੀ ਦੇ ਅਧਿਕਾਰੀਆਂ ਨੇ ਇਸ ਘਟਨਾਕ੍ਰਮ ਬਾਰੇ ਕੁਝ ਵੀ ਜਾਣਕਾਰੀ ਨਹੀਂ ਦਿੱਤੀ ਹੈ। ਸਮੀਰ ਚੱਕਰਵਰਤੀ ਨੂੰ ਇਸ ਵਾਰ ਦੀਆਂ ਵਿਧਾਨ ਸਭਾ ਚੋਣ ਲੜਨ ਲਈ ਟਿਕਟ ਨਹੀਂ ਮਿਲੀ ਹੈ ਜਦਕਿ ਸੁਭਾਪ੍ਰਸੰਨਾ ਨੂੰ ਤ੍ਰਿਣਮੂਲ ਕਾਂਗਰਸ ਦੇ ਨੇੜੇ ਮੰਨਿਆ ਜਾਂਦਾ ਹੈ।
ਈਡੀ ਦੇ ਸੂਤਰਾਂ ਮੁਤਾਬਕ ਸੁਭਾਪ੍ਰਸੰਨਾ ਅਤੇ ਸੁਦਿਪਤਾ ਸੇਨ ਵਿਚਕਾਰ 6 ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਸੀ। ਇਹ ਵਿੱਤੀ ਲੈਣ-ਦੇਣ ਸ਼ਾਰਦਾ ਗਰੁੱਪ ਦੇ ਮੁਖੀ ਸੁਦਿਪਤਾ ਸੇਨ ਨਾਲ ਟੀਵੀ ਚੈਨਲ ਦੀ ਵਿਕਰੀ ਨੂੰ ਲੈ ਕੇ ਹੋਇਆ ਸੀ। ਸੁਭਾਪ੍ਰਸੰਨਾ ਕੋਲੋਂ ਇਸ ਕੇਸ ਦੇ ਸਬੰਧ ’ਚ 2019 ਅਤੇ 2015 ’ਚ ਵੀ ਪੁੱਛ-ਗਿੱਛ ਹੋ ਚੁੱਕੀ ਹੈ। ਉਸ ਦੀ ਧੀ ਤੋਂ ਵੀ 2016 ’ਚ ਪੁੱਛ-ਪੜਤਾਲ ਹੋ ਚੁੱਕੀ ਹੈ।
-ਆਈਏਐਨਐਸ