ਪ੍ਰਯਾਗਰਾਜ (ਯੂਪੀ), 29 ਅਗਸਤ
ਅਲਾਹਾਬਾਦ ਹਾਈ ਕੋਰਟ ਨੇ ਮਥੁਰਾ ਕੋਰਟ ਨੂੰ ਸ੍ਰੀ ਕਿਸ਼ਨ ਜਨਮਭੂਮੀ ਮੰਦਿਰ ਨਾਲ ਲੱਗਦੀ ਸ਼ਾਹੀ ਈਦਗਾਹ ਮਸਜਿਦ ਦਾ ਭਾਰਤੀ ਪੁਰਾਤੱਤਵ ਵਿਭਾਗ (ਏਐੱਸਆਈ) ਵੱਲੋਂ ਸਰਵੇਖਣ ਕਰਵਾਉਣ ਦੀ ਮੰਗ ਕਰਦੀ ਪਟੀਸ਼ਨ ਦਾ ਚਾਰ ਮਹੀਨਿਆਂ ਵਿੱਚ ਨਬਿੇੜਾ ਕਰਨ ਦੀ ਹਦਾਇਤ ਕੀਤੀ ਹੈ। ਜਸਟਿਸ ਪਿਊਸ਼ ਗੋਇਲ ਨੇ ਇਹ ਹੁਕਮ ਭਗਵਾਨ ਸ੍ਰੀ ਕ੍ਰਿਸ਼ਨਾ ਵਿਰਾਜਮਾਨ ਤੇ ਹੋਰਨਾਂ ਵੱਲੋਂ ਦਾਇਰ ਪਟੀਸ਼ਨ ’ਤੇ ਕੀਤੇ ਹਨ। ਕੋਰਟ ਨੇ ਇਹ ਕਹਿੰਦਿਆਂ ਪਟੀਸ਼ਨ ਦਾ ਨਬਿੇੜਾ ਕਰ ਦਿੱਤਾ ਕਿ ਚਾਰ ਮਹੀਨਿਆਂ ਅੰਦਰ ਅਰਜ਼ੀ ’ਤੇ ਫੈਸਲਾ ਲਿਆ ਜਾਵੇ। ਪਟੀਸ਼ਨਰਾਂ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਅਰਜ਼ੀ ਬਕਾਇਆ ਹੋਣ ਕਰਕੇ ਪਟੀਸ਼ਨਰਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਕਾਬਿਲੇਗੌਰ ਹੈ ਕਿ ਮਥੁਰਾ ਕੋਰਟ ਕਟੜਾ ਕੇਸ਼ਵ ਦੇਵ ਮੰਦਿਰ ਅਹਾਤੇ ਵਿੱਚ ਕ੍ਰਿਸ਼ਨ ਜਨਮਭੂਮੀ ਮੰਦਰ ਨੇੜਲੀ ਸ਼ਾਹੀ ਈਦਗਾਹ ਮਸਜਿਦ ਨੂੰ ਉਥੋਂ ਹਟਾਉਣ ਦੀ ਮੰਗ ਕਰਦੀਆਂ ਪਟੀਸ਼ਨਾਂ ’ਤੇ ਸੁਣਵਾਈ ਕਰ ਰਹੀ ਹੈ। -ਪੀਟੀਆਈ