ਪਟਨਾ, 31 ਜੁਲਾਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਭਾਜਪਾ ਦੇ ਸੱਤ ਵਿੰਗਾਂ ਦੀ ਸਾਂਝੀ ਕੌਮੀ ਕਾਰਜਕਾਰਨੀ ਮੀਟਿੰਗ ਦੇ ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਕੀਤੀ।
ਇਸ ਮੌਕੇ ਅਮਿਤ ਸ਼ਾਹ ਨੇ ਅੱਜ ਇੱਥੇ ਭਾਜਪਾ ਵਰਕਰਾਂ ਨਾਲ ਮੀਟਿੰਗ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕਰਦਿਆਂ ਹੁਣੇ ਤੋਂ ਡਟਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਪਾਰਟੀ ਵਰਕਰਾਂ ਨੂੰ ਬੂਥ ਪੱਧਰ ’ਤੇ ਪ੍ਰਧਾਨ ਮੰਤਰੀ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਕਿਹਾ। ਭਾਜਪਾ ਦੇ ਕੌਮੀ ਜਨਰਲ ਸਕੱਤਰ ਅਰੁਣ ਸਿੰਘ ਨੇ ਇੱਥੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਅਮਿਤ ਸ਼ਾਹ ਨੇ ਕਿਹਾ ਕਿ ਪਾਰਟੀ ਵਰਕਰ 2024 ਦੀਆਂ ਚੋਣਾਂ ਦੀ ਤਿਆਰੀ ਸ਼ੁਰੂ ਕਰ ਦੇਣ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਵਾਪਸੀ ਨੂੰ ਯਕੀਨੀ ਬਣਾਉਣ। ਉਨ੍ਹਾਂ ਪਾਰਟੀ ਵਰਕਰਾਂ ਨੂੰ ਪਿਛਲੀ ਵਾਰ ਨਾਲੋਂ ਵੱਧ ਸੀਟਾਂ ਜਿੱਤਣ ਦਾ ਟੀਚਾ ਦਿੱਤਾ ਹੈ।
ਤਿੰਨ ਸਾਲ ਪਹਿਲਾਂ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਮਗਰੋਂ ਸ਼ਾਹ ਪਹਿਲੀ ਵਾਰ ਪਟਨਾ ਆਏ ਹਨ। ਇਸ ਤੋਂ ਪਹਿਲਾਂ ਉਹ ਪਟਨਾ ਹਵਾਈ ਅੱਡੇ ’ਤੇ ਨਿਰਧਾਰਤ ਸਮੇਂ ਤੋਂ ਕਰੀਬ ਇੱਕ ਘੰਟਾ ਲੇਟ ਪੁੱਜੇ। ਉਨ੍ਹਾਂ ਦਾ ਇੱਥੇ ਭਾਜਪਾ ਆਗੂ ਨਿਤਿਆਨੰਦ ਰਾਏ, ਬਿਹਾਰ ਵਿਧਾਨ ਪਰਿਸ਼ਦ ਦੇ ਮੈਂਬਰ ਸੰਜੈ ਮਯੁਖ ਅਤੇ ਸੂਬਾ ਪ੍ਰਧਾਨ ਸੰਜੈ ਜੈਸਵਾਲ ਨੇ ਸਵਾਗਤ ਕੀਤਾ। ਸ਼ਾਹ ਆਪਣੀ ਗੱਡੀ ਵਿੱਚ ਸਵਾਰ ਹੋ ਕੇ ਗਿਆਨ ਭਵਨ ਪੁੱਜੇ, ਜਿੱਥੇ ਉਨ੍ਹਾਂ ਨਾਲ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਵੀ ਸਮਾਰੋਹ ਵਿੱਚ ਸ਼ਾਮਲ ਹੋਏ। ਸੂਬੇ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਕਰੋਨਾ ਪਾਜ਼ੇਟਿਵ ਹੋਣ ਕਾਰਨ ਉਹ ਕੇਂਦਰੀ ਮੰਤਰੀ ਨੂੰ ਨਹੀਂ ਮਿਲ ਸਕੇ। -ਪੀਟੀਆਈ
ਸੋਸ਼ਲ ਮੀਡੀਆ ਪ੍ਰੋਫਾਈਲ ’ਤੇ ਕੌਮੀ ਝੰਡੇ ਦੀ ਤਸਵੀਰ ਲਗਾਉਣ ਦੀ ਅਪੀਲ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 2 ਅਗਸਤ ਤੋਂ 15 ਅਗਸਤ ਤੱਕ ਚੱਲਣ ਵਾਲੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਦੇਸ਼ ਵਾਸੀਆਂ ਨੂੰ ਆਪਣੀ ਸੋਸ਼ਲ ਮੀਡੀਆ ਪ੍ਰੋਫਾਈਲ ’ਤੇ ਕੌਮੀ ਝੰਡੇ ਦੀ ਤਸਵੀਰ ਲਗਾਉਣ ਦੀ ਅਪੀਲ ਕੀਤੀ ਹੈ। ਸ਼ਾਹ ਨੇ ਇਹ ਅਪੀਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਆਜ਼ਾਦੀ ਕਾ ਅਮ੍ਰਿਤ ਮਹਾਉਤਸਵ’ ਨੂੰ ਇੱਕ ਲੋਕ ਲਹਿਰ ਵਿੱਚ ਬਦਲਣ ਲਈ ਕਹਿਣ ਮਗਰੋਂ ਕੀਤੀ ਹੈ। ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਦਿਆਂ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ‘ਹਰ ਘਰ ਤਿਰੰਗਾ’ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਲਈ ਦੇਸ਼ ਵਾਸੀਆਂ ਨੂੰ 2 ਤੋਂ 15 ਅਗਸਤ ਤੱਕ ਆਪਣੀ ਸੋਸ਼ਲ ਮੀਡੀਆ ਪ੍ਰੋਫਾਈਲ ’ਤੇ ਤਿਰੰਗੇ ਦੀ ਤਸਵੀਰ ਲਗਾਉਣ ਦੀ ਅਪੀਲ ਕੀਤੀ ਹੈ। ਆਪਣੀ ਡੀਪੀ ’ਤੇ ਤਿਰੰਗੇ ਦੀ ਤਸਵੀਰ ਲਗਾ ਕੇ ਹੋਰਾਂ ਨੂੰ ਵੀ ਇਸ ਮੁਹਿੰਮ ਦਾ ਹਿੱਸਾ ਬਣਨ ਲਈ ਪ੍ਰੇਰਿਤ ਕਰੋ।’’ -ਪੀਟੀਆਈ