ਕੋਲਕਾਤਾ, 9 ਅਪਰੈਲ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਸ਼ਹਿਰ ਦੇ ਭਬਾਨੀਪੁਰ ਹਲਕੇ ’ਚ ਘਰ-ਘਰ ਜਾ ਕੇ ਪ੍ਰਚਾਰ ਕੀਤਾ ਅਤੇ ਭਾਜਪਾ ’ਚ ਸ਼ਾਮਲ ਹੋਈ ਅਦਾਕਾਰਾ ਰੁਦਰਾਨਿਲ ਘੋਸ਼ ਲਈ ਵੋਟਾਂ ਮੰਗੀਆਂ। ਇਹ ਇਲਾਕਾ ਮਮਤਾ ਬੈਨਰਜੀ ਦਾ ਗੜ੍ਹ ਰਿਹਾ ਹੈ ਪਰ ਇਸ ਵਾਰ ਉਨ੍ਹਾਂ ਨੰਦੀਗ੍ਰਾਮ ਤੋਂ ਚੋਣ ਲੜਨ ਦਾ ਫ਼ੈਸਲਾ ਲਿਆ ਹੈ। ਇਸ ਇਲਾਕੇ ’ਚ ਗੁਜਰਾਤੀ ਅਬਾਦੀ ਵੱਡੀ ਗਿਣਤੀ ’ਚ ਹੈ। ਮਹਿਲਾਵਾਂ ਨੇ ਸ਼ੰਖ ਵਜਾ ਕੇ ਅਤੇ ‘ਤਿਲਕ’ ਲਗਾ ਕੇ ਸ਼ਾਹ ਦਾ ਸਵਾਗਤ ਕੀਤਾ। ਸ਼ਾਹ ਦੋਵੇਂ ਹੱਥ ਜੋੜ ਕੇ ਭਾਜਪਾ ਨੂੰ ਵੋਟਾਂ ਪਾਉਣ ਲਈ ਆਖਦੇ ਸੁਣੇ ਗਏ। ਸ਼ਾਹ ਨਾਲ ਤਾਰਕੇਸ਼ਵਰ ਤੋਂ ਉਮੀਦਵਾਰ ਸਵਪਨ ਦਾਸਗੁਪਤਾ ਅਤੇ ਹੋਰ ਪਾਰਟੀ ਆਗੂ ਹਾਜ਼ਰ ਸਨ। ਬਾਅਦ ’ਚ ਸ਼ਾਹ ਨੇ ਪੱਤਰਕਾਰਾਂ ਨੂੰ ਕਿਹਾ ਕਿ ਭਾਜਪਾ ਹੋਰ ਸੀਟਾਂ ਵਾਂਗ ਭਬਾਨੀਪੁਰ ਤੋਂ ਵੀ ਵੱਡੇ ਫਰਕ ਨਾਲ ਚੋਣ ਜਿੱਤੇਗੀ। ਇਸ ਮਗਰੋਂ ਸ਼ਾਹ ਨੇ ਭਾਜਪਾ ਦੇ ਸੀਨੀਅਰ ਆਗੂ ਸਮਰੇਂਦਰਪ੍ਰਸਾਦ ਬਿਸਵਾਸ ਦੇ ਘਰ ਦੁਪਹਿਰ ਦੀ ਰੋਟੀ ਖਾਧੀ। -ਪੀਟੀਆਈ
ਮਮਤਾ ਨੂੰ ਚੋਣਾਂ ’ਚ ਹਾਰ ਦਾ ਡਰ ਸਤਾ ਰਿਹੈ: ਨੱਡਾ
ਕੋਲਕਾਤਾ: ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਡਾ ਨੇ ਦਾਅਵਾ ਕੀਤਾ ਹੈ ਕਿ ਪੱਛਮੀ ਬੰਗਾਲ ਦੇ ਲੋਕਾਂ ਨੇ ਤ੍ਰਿਣਮੂਲ ਕਾਂਗਰਸ ਦੇ ਰਾਜ ਨੂੰ ਖ਼ਤਮ ਕਰਨ ਦਾ ਫ਼ੈਸਲਾ ਲੈ ਲਿਆ ਹੈ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਵਿਧਾਨ ਸਭਾ ਚੋਣਾਂ ’ਚ ਹਾਰ ਦਾ ਡਰ ਸਤਾ ਰਿਹਾ ਹੈ। ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਬਗੁਇਆਟੀ ’ਚ ਰੋਡਸ਼ੋਅ ਮਗਰੋਂ ਨੱਡਾ ਨੇ ਦੋਸ਼ ਲਾਇਆ ਕਿ ਸੂਬੇ ’ਚ ਤ੍ਰਿਣਮੂਲ ਕਾਂਗਰਸ ਦੇ ਰਾਜ ਦੌਰਾਨ ਕੋਈ ਕਾਨੂੰਨ-ਨੇਮ ਨਹੀਂ ਰਹੇ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਮਮਤਾ ਬੈਨਰਜੀ ਸਰਕਾਰ ਨੇ ਮਹਿਲਾਵਾਂ ’ਤੇ ਹਮਲੇ ਕਰਵਾਏ। ਉਨ੍ਹਾਂ ਕਿਹਾ ਕਿ ਲੋਕ ਹੁਣ ਭਾਜਪਾ ਨੂੰ ਸੱਤਾ ’ਚ ਲੈ ਕੇ ਆਉਣਗੇ। ਨੱਡਾ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਨੇ ਤਾਨਾਸ਼ਾਹੀ, ਸਿੰਡੀਕੇਟ ਰਾਜ ਅਤੇ ਭ੍ਰਿਸ਼ਟਾਚਾਰ ਨੂੰ ਹੁਲਾਰਾ ਦਿੱਤਾ। ਉਨ੍ਹਾਂ ਕਿਹਾ ਕਿ ਭਗਵਾਂ ਪਾਰਟੀ ਵੱਲੋਂ ਸੂਬੇ ’ਚ ਸਰਕਾਰ ਬਣਾਏ ਜਾਣ ਮਗਰੋਂ ਸੂਬੇ ਦੀ ਕਿਸਮਤ ਬਦਲ ਜਾਵੇਗੀ। ਉਨ੍ਹਾਂ ਕਈ ਹੋਰ ਥਾਵਾਂ ’ਤੇ ਵੀ ਰੋਡ ਸ਼ੋਅਜ਼ ’ਚ ਹਿੱਸਾ ਲਿਆ। -ਪੀਟੀਆਈ