ਨਵੀਂ ਦਿੱਲੀ, 9 ਅਗਸਤ
ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਸਹਿਕਾਰੀ ਸੁਸਾਇਟੀਆਂ ਵਿੱਚ ਸੁਧਾਰ ਲਿਆਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇੱਕੋ ਵਿਅਕਤੀ ਹਰ ਸਾਲ ਬਾਅਦ ਨਹੀਂ ਚੁਣਿਆ ਜਾਣਾ ਚਾਹੀਦਾ ਤੇ ਚੋਣ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਬਣਾਉਣ ਦੀ ਲੋੜ ਹੈ। ਸ੍ਰੀ ਸ਼ਾਹ ਇੱਥੇ ਸਰਕਾਰ ਦੇ ਈ-ਮਾਰਕੀਟ ਪਲੇਸ ਮੰਚ (ਜੀਈਐੱਮ) ’ਤੇ ਸਹਿਕਾਰੀ ਸੁਸਾਇਟੀਆਂ ਨੂੰ ਆਨਲਾਈਨ ਮਾਧਿਅਮ ਰਾਹੀਂ ਸ਼ਾਮਲ ਕਰਨ ਮੌਕੇ ਕਰਵਾਏ ਇੱਕ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਸਹਿਕਾਰੀ ਸੈਕਟਰ ਦਾ ਵਿਸਤਾਰ ਕਰਨ ਤੇ ਇਸ ਨੂੰ ਸਮੇਂ ਦੇ ਹਾਣ ਦਾ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ, ਜੋ ਹੁਣ ਤੱਕ ਅਣਗੌਲਿਆ ਰਿਹਾ ਹੈ। ਉਨ੍ਹਾਂ ਸਹਿਕਾਰੀ ਸੁਸਾਇਟੀਆਂ ਦੇ ਉੱਚ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ,‘ਸਹਿਕਾਰਤਾ ਖੇਤਰ ’ਚ ਤੇਜ਼ੀ ਨਾਲ ਬਦਲਾਓ ਲਿਆਉਣ ਦੀ ਲੋੜ ਹੈ। ਸਾਨੂੰ ਬਦਲਣਾ ਪਵੇਗਾ, ਨਹੀਂ ਤਾਂ ਲੋਕ ਸਾਨੂੰ ਬਦਲ ਦੇਣਗੇ।’
ਸ੍ਰੀ ਸ਼ਾਹ ਨੇ ਸਹਿਕਾਰਤਾ ਖੇਤਰ ਦੇ ਸਾਰੇ ਹਿੱਸਿਆਂ ’ਚ ਪਾਰਦਰਸ਼ਤਾ ਲਿਆਉਣ ’ਤੇ ਜ਼ੋਰ ਦਿੱਤਾ, ਖਾਸ ਤੌਰ ’ਤੇ ਤਿੰਨ ਖੇਤਰਾਂ ’ਚ, ਜਿਨ੍ਹਾਂ ਵਿੱਚ ਚੋਣ ਪ੍ਰਕਿਰਿਆ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸਹਿਕਾਰੀ ਸੰਸਥਾਵਾਂ ਦੀਆਂ ਚੋਣਾਂ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਭਾਰਤ ਦੇ ਚੋਣ ਕਮਿਸ਼ਨ ਦੀ ਤਰਜ਼ ’ਤੇ ਇੱਕ ਚੋਣ ਪ੍ਰਣਾਲੀ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਖੁਦ ਪੀਏਸੀਐੱਸ ਦੇ ਪਿਛਲੇ 25 ਵਰ੍ਹਿਆਂ ਤੋਂ ਚੇਅਰਮੈਨ ਹਨ ਤੇ ਇਸ ਵਰ੍ਹੇ ਇਹ ਪ੍ਰਣਾਲੀ ਬਦਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਭਰਤੀ ਪ੍ਰਕਿਰਿਆ ’ਚ ਪਾਰਦਰਸ਼ਤਾ ਲਿਆਉਣ ਦੀ ਲੋੜ ਹੈ, ਜਿਸ ਲਈ ਮੰਤਰਾਲਾ ਨਿਯਮ ਬਣਾ ਰਿਹਾ ਹੈ। ਸ੍ਰੀ ਸ਼ਾਹ ਨੇ ਖਰੀਦ ਪ੍ਰਕਿਰਿਆ ’ਚ ਵੀ ਪਾਰਦਰਸ਼ਤਾ ਲਿਆਉਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਲਈ ਸਰਕਾਰ ਦੇ ਈ-ਮਾਰਕੀਟ ਪਲੇਸ ਪਲੈਟਫਾਰਮ ਨਾਲੋਂ ਹੋਰ ਕੋਈ ਚੰਗਾ ਮਾਧਿਅਮ ਨਹੀਂ ਹੈ। -ਪੀਟੀਆਈ