ਮੁੰਬਈ/ਭੁਪਾਲ, 23 ਅਕਤੂਬਰ
ਅਦਾਕਾਰ ਸ਼ਾਹਰੁਖ਼ ਖਾਨ ਦੀ ਮੈਨੇਜਰ ਪੂਜਾ ਡਡਲਾਨੀ ਅੱਜ ਦੱਖਣੀ ਮੁੰਬਈ ਸਥਿਤ ਐਨਸੀਬੀ ਦੇ ਦਫ਼ਤਰ ਗਈ। ਜ਼ਿਕਰਯੋਗ ਹੈ ਕਿ ਡਰੱਗ ਕੇਸ ਵਿਚ ਬੌਲੀਵੁੱਡ ਸੁਪਰਸਟਾਰ ਦੇ ਪੁੱਤਰ ਆਰੀਅਨ ਖਾਨ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਗ੍ਰਿਫ਼ਤਾਰ ਕੀਤਾ ਹੈ। ਸ਼ਨਿਚਰਵਾਰ ਸਵੇਰੇ ਕਰੀਬ ਦਸ ਵਜੇ ਜਦ ਉਹ ਏਜੰਸੀ ਦੇ ਦਫ਼ਤਰ ਗਈ ਤਾਂ ਉਸ ਕੋਲ ਇਕ ਲਿਫ਼ਾਫਾ ਸੀ। ਇਕ ਘੰਟੇ ਮਗਰੋਂ ਜਦ ਉਹ ਬਾਹਰ ਆਈ ਤਾਂ ਉਸ ਨੇ ਮੀਡੀਆ ਦੇ ਸਵਾਲਾਂ ਉਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਵੀਰਵਾਰ ਐਨਸੀਬੀ ਦੀ ਟੀਮ ਅਦਾਕਾਰ ਦੀ ਰਿਹਾਇਸ਼ ਉਤੇ ਵੀ ਗਈ ਸੀ। ਉਨ੍ਹਾਂ ਕੇਸ ਦੀ ਜਾਂਚ ਜੁੜੇ ਕੁਝ ਦਸਤਾਵੇਜ਼ ਮੰਗੇ ਸਨ। ਸ਼ੁੱਕਰਵਾਰ ਸ਼ਾਮ ਸ਼ਾਹਰੁਖ ਦਾ ਬਾਡੀਗਾਰਡ ਵੀ ਐਨਸੀਬੀ ਦੇ ਦਫ਼ਤਰ ਗਿਆ ਸੀ ਤੇ ਸੀਲਬੰਦ ਲਿਫ਼ਾਫੇ ਵਿਚ ਅਦਾਕਾਰ ਵੱਲੋਂ ਕੁਝ ਦਸਤਾਵੇਜ਼ ਏਜੰਸੀ ਨੂੰ ਸੌਂਪੇ ਸਨ। ਇਸੇ ਦੌਰਾਨ ਸੀਨੀਅਰ ਕਾਂਗਰਸ ਆਗੂ ਦਿਗਵਿਜੈ ਸਿੰਘ ਨੇ ਦੋਸ਼ ਲਾਇਆ ਹੈ ਕਿ ਐਨਸੀਬੀ ਵੱਲੋਂ ਗ੍ਰਿਫ਼ਤਾਰ ਆਰੀਅਨ ਖਾਨ ਨੂੰ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਉਹ ਸ਼ਾਹਰੁਖ਼ ਖਾਨ ਦਾ ਪੁੱਤਰ ਹੈ। ਭਾਜਪਾ ਨੇ ਦਿਗਵਿਜੈ ਉਤੇ ਵਿਅੰਗ ਕਸਦਿਆਂ ਕਿਹਾ ਕਿ ਉਹ ਇਕ ਖਾਸ ਵਰਗ ਨੂੰ ਖ਼ੁਸ਼ ਕਰਨ ਦੀ ਸਿਆਸਤ ਖੇਡ ਰਹੇ ਹਨ। ਦਿਗਵਿਜੈ ਨੇ ਸਵਾਲ ਕੀਤਾ ‘ਆਰੀਅਨ ਦਾ ਅਪਰਾਧ ਕੀ ਹੈ? ਕੋਈ ਉਸ ਦੇ ਨਾਲ ਸੀ ਜਿਸ ਕੋਲ ਪੰਜ ਗਰਾਮ ਡਰੱਗ ਸੀ। ਮੁੰਦਰਾ ਬੰਦਰਗਾਹ ਉਤੇ ਫੜੀ ਗਈ ਕਈ ਟਨ ਹੈਰੋਇਨ ਬਾਰੇ ਕੀ? ਕੁਲਦੀਪ ਸਿੰਘ ਕੌਣ ਹੈ? ਕੀ ਐਨਸੀਬੀ ਤੇ ਹੁਣ ਕੇਸ ਦੀ ਜਾਂਚ ਕਰ ਰਹੀ ਐਨਆਈਏ ਸਾਨੂੰ ਦੱਸੇਗੀ?’ ਮੱਧ ਪ੍ਰਦੇਸ਼ ਭਾਜਪਾ ਨੇ ਕਿਹਾ ਕਿ ਕਾਂਗਰਸ ਆਗੂ ਨੇ ਅਦਾਲਤ ਦੀ ਉਡੀਕ ਕੀਤੇ ਬਿਨਾਂ ਹੀ ਫ਼ੈਸਲਾ ਸੁਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਕੋਈ ਭੇਦਭਾਵ ਨਹੀਂ ਕਰਦਾ ਤੇ ਇਹ ਹਿੰਦੂ-ਮੁਸਲਮਾਨ ਮੁੱਦਾ ਨਹੀਂ ਹੈ। -ਪੀਟੀਆਈ