ਨਵੀਂ ਦਿੱਲੀ, 24 ਮਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਮੁੰਦਰੀ ਤੇ ਤੱਟੀ ਇਲਾਕਿਆਂ ’ਚ ਲੋਕਾਂ ਦੇ ਬਚਾਅ ਦੇ ਨਾਲ ਕੋਵਿਡ-19 ਹਸਪਤਾਲਾਂ ਦੀ ਸੁਰੱਖਿਆ ਸਮੇਤ ਚੱਕਰਵਾਤ ‘ਯਾਸ’ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਅੱਜ ਸਮੀਖਿਆ ਕੀਤੀ। ਗ੍ਰਹਿ ਮੰਤਰੀ ਨੇ ਪੱਛਮੀ ਬੰਗਾਲ, ਉੜੀਸਾ ਤੇ ਆਂਧਰਾ ਪ੍ਰਦੇਸ਼ ਸਥਿਤ ਉਤਪਾਦਨ ਕੇਂਦਰਾਂ ’ਤੇ ਚੱਕਰਵਾਤੀ ਤੂਫ਼ਾਨ ਦੇ ਸੰਭਾਵੀ ਅਸਰ ਨੂੰ ਲੈ ਕੇ ਚਰਚਾ ਕੀਤੀ ਅਤੇ ਰਾਜ ਸਰਕਾਰਾਂ ਨੂੰ ਇਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਨੂੰ ਕਿਹਾ।
ਆਂਧਰਾ ਪ੍ਰਦੇਸ਼, ਉੜੀਸਾ ਤੇ ਪੱਛਮੀ ਬੰਗਾਲ ਦੇ ਮੁੱਖ ਮੰਤਰੀਆਂ ਅਤੇ ਅੰਡੇਮਾਨ ਨਿਕੋਬਾਰ ਦੀਪ ਸਮੂਹ ਦੇ ਉਪ ਰਾਜਪਾਲ ਨਾਲ ਵੀਡੀਓ ਕਾਨਫਰੰਸ ਦੌਰਾਨ ਕੇਂਦਰੀ ਮੰਤਰੀ ਨੇ ਕਿਹਾ ਕਿ ਗ੍ਰਹਿ ਮੰਤਰਾਲੇ ’ਚ ਸਾਰਾ ਹਫ਼ਤਾ ਤੇ 24 ਘੰਟੇ ਚੱਲਣ ਵਾਲਾ ਇੱਕ ਕੰਟਰੋਲ ਰੂਮ ਕੰਮ ਕਰ ਰਿਹਾ ਹੈ ਜਿਸ ਨਾਲ ਕਦੀ ਵੀ ਸੰਪਰਕ ਕੀਤਾ ਜਾ ਸਕਦਾ ਹੈ। ਗ੍ਰਹਿ ਮੰਤਰਾਲੇ ਦੇ ਇੱਕ ਬਿਆਨ ’ਚ ਕਿਹਾ ਗਿਆ ਕਿ ਸ਼ਾਹ ਨੇ ਬੰਗਾਲ ਦੀ ਖਾੜੀ ’ਚ ਬਣ ਰਹੇ ਚੱਕਰਵਾਤ ਦੇ ਸੰਭਾਵੀ ਅਸਰ ਨੂੰ ਦੇਖਦਿਆਂ ਕੋਵਿਡ-19 ਦੇ ਸਾਰੇ ਹਸਪਤਾਲਾਂ, ਟੀਕਿਆਂ ਦੇ ਸਟੋਰਾਂ ਤੇ ਹੋਰਨਾਂ ਥਾਵਾਂ ’ਤੇ ਬਿਜਲੀ ਦੇ ਬਦਲਵੇਂ ਪ੍ਰਬੰਧ ਕਰਨ ਲਈ ਕਿਹਾ ਹੈ। ਗ੍ਰਹਿ ਮੰਤਰਾਲੇ ਨੇ ਆਂਧਰਾ ਪ੍ਰਦੇਸ਼, ਉੜੀਸਾ, ਪੱਛਮੀ ਬੰਗਾਲ ਤੇ ਅੰਡੇਮਾਨ ਨਿਕੋਬਾਰ ਦੀਪ ਸਮੂਹ ਨੂੰ ਦੋ ਦਿਨਾਂ ਲਈ ਆਕਸੀਜਨ ਦਾ ਵਾਧੂ ਭੰਡਾਰ ਬਣਾ ਕੇ ਰੱਖਣ, ਆਕਸੀਜਨ ਟੈਂਕਰਾਂ ਦੀ ਆਵਾਜਾਈ ਲਈ ਪਹਿਲਾਂ ਤੋਂ ਯੋਜਨਾ ਤਿਆਰ ਕਰਨ ਲੈਣ ਲਈ ਕਿਹਾ ਤਾਂ ਜੋ ਇਸ ਦੀ ਸਪਲਾਈ ’ਚ ਅੜਿੱਕਾ ਨਾ ਪਵੇ। ਉਨ੍ਹਾਂ ਮਛੇਰਿਆਂ ਨੂੰ ਸਮਾਂ ਰਹਿੰਦਿਆਂ ਤੱਟ ’ਤੇ ਪਹੁੰਚਣ ਤੇ ਹੇਠਲੇ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੱਕ ਪਹੁੰਚਾਉਣ ਸਬੰਧੀ ਤਿਆਰੀਆਂ ਦੀ ਸਮੀਖਿਆ ਵੀ ਕੀਤੀ। ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਮੀਟਿੰਗ ਤੇ ਤਿਆਰੀਆਂ ’ਚ ਸਹਿਯੋਗ ਦੇਣ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਭਰੋਸਾ ਦਿੱਤਾ ਕਿ ਘੱਟ ਤੋਂ ਘੱਟ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। -ਪੀਟੀਆਈ
ਬੰਗਾਲ ਦੀ ਖਾੜੀ ਉੱਪਰ ਗਹਿਰੇ ਦਬਾਅ ਵਾਲਾ ਖੇਤਰ ਚੱਕਰਵਾਤ ’ਚ ਤਬਦੀਲ
ਨਵੀਂ ਦਿੱਲੀ: ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਚੱਕਰਵਾਤ ਦੇ 26 ਮਈ ਨੂੰ ਬਹੁਤ ਭਿਆਨਕ ਚੱਕਰਵਾਤੀ ਤੂਫ਼ਾਨ ਦੇ ਰੂਪ ’ਚ ਦੁਪਹਿਰ ਤੱਕ ਪਰਾਦੀਪ ਤੇ ਸਾਗਰੀ ਦੀਪ ਵਿਚਾਲੇ ਉੱਤਰੀ ਉੜੀਸਾ ਤੇ ਪੱਛਮੀ ਬੰਗਾਲ ਦੇ ਸਾਹਿਲਾਂ ਨੂੰ ਪਾਰ ਕਰਨ ਦਾ ਅਨੁਮਾਨ ਹੈ। ਆਈਐੱਮਡੀ ਦੇ ਚੱਕਰਵਾਤ ਚਿਤਾਵਨੀ ਵਿਭਾਗ ਨੇ ਕਿਹਾ, ‘ਚੱਕਰਵਾਤ ਦੇ ਉੱਤਰ-ਉੱਤਰ ਪੱਛਮ ਵੱਲ ਹੌਲੀ ਹੌਲੀ ਵਧਣ ਦਾ ਅਨੁਮਾਨ ਹੈ ਜੋ ਅਗਲੇ ਚੌਵੀ ਘੰਟਿਆਂ ਅੰਦਰ ਭਿਆਨਕ ਚੱਕਰਵਾਤੀ ਤੂਫ਼ਾਨ ਅਤੇ ਉਸ ਤੋਂ ਬਾਅਦ ਦੇ 24 ਘੰਟਿਆਂ ਅੰਦਰ ਬਹੁਤ ਗੰਭੀਰ ਚੱਕਰਵਾਤੀ ਤੂਫ਼ਾਨ ’ਚ ਤਬਦੀਲ ਹੋ ਸਕਦਾ ਹੈ।’ -ਪੀਟੀਆਈ
ਕੇਂਦਰ ਵੱਲੋਂ ਦਿੱਤੀ ਸਹਾਇਤਾ ਰਾਸ਼ੀ ਬਹੁਤ ਘੱਟ: ਮਮਤਾ
ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ‘ਯਾਸ’ ਚੱਕਰਵਾਤ ਦੇ ਮੁਕਾਬਲੇ ਲਈ ਕੇਂਦਰ ਸਰਕਾਰ ਨੇ ਅਗੇਤੀ ਸਹਾਇਤਾ ਰਾਸ਼ੀ ਵਜੋਂ ਸਿਰਫ਼ 400 ਕਰੋੜ ਰੁਪਏ ਮਨਜ਼ੂਰ ਕੀਤੇ ਹਨ ਜਦਕਿ ਪੱਛਮੀ ਬੰਗਾਲ ਮੁਕਾਬਲੇ ਘੱਟ ਅਬਾਦੀ ਵਾਲੇ ਸੂਬਿਆਂ ਉੜੀਸਾ ਤੇ ਆਂਧਰਾ ਪ੍ਰਦੇਸ਼ ਨੂੰ 600 ਕਰੋੜ ਰੁਪਏ ਦਿੱਤੇ ਜਾ ਰਹੇ ਹਨ। ਕੇਂਦਰ ਸਰਕਾਰ ਨਾਲ ਮੀਟਿੰਗ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਰਾਜ ਦੀ ਆਬਾਦੀ ਵੱਧ ਹੈ ਅਤੇ ਬੰਗਾਲ ਨਾਲ ਲਗਾਤਾਰ ਪੱਖਪਾਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, ‘ਅੱਜ ਸਵੇਰੇ ਅਮਿਤ ਸ਼ਾਹ ਜੀ ਨਾਲ ਮੀਟਿੰਗ ਹੋਈ। ਯਾਸ ਚੱਕਰਵਾਤ ਨਾਲ ਮੁਕਾਬਲੇ ਲਈ ਕੇਂਦਰ ਵੱਲੋਂ ਉੜੀਸਾ ਤੇ ਆਂਧਰਾ ਪ੍ਰਦੇਸ਼ ਨੂੰ 600 ਕਰੋੜ ਰੁਪਏ ਤੋਂ ਵੱਧ ਦਿੱਤੇ ਜਾ ਰਹੇ ਹਨ ਅਤੇ ਬੰਗਾਲ ਨੂੰ ਸਿਰਫ਼ 400 ਕਰੋੜ ਰੁਪੲ ਦਿੱਤੇ ਜਾ ਰਹੇ ਹਨ। ਇਹ ਅਗੇਤੀ ਰਾਸ਼ੀ ਹੈ ਜੋ ਰਾਜਾਂ ਨੂੰ ਮਿਲਣ ਵਾਲੀ ਹੈ।’ -ਪੀਟੀਆਈ