ਨਵੀਂ ਦਿੱਲੀ, 11 ਅਕਤੂਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਵਿੱਚ ਚੱਲ ਰਹੇ ਕੋਲੇ ਦੀ ਘਾਟ ਸਬੰਧੀ ਸੋਮਵਾਰ ਨੂੰ ਬਿਜਲੀ ਮੰਤਰੀ ਆਰ ਕੇ ਸਿੰਘ ਅਤੇ ਕੋਲਾ ਮੰਤਰੀ ਪ੍ਰਹਲਾਦ ਜੋਸ਼ੀ ਨਾਲ ਮੀਟਿੰਗ ਕੀਤੀ। ਮੰਨਿਆ ਜਾ ਰਿਹਾ ਹੈ ਕਿ ਇਕ ਘੰਟਾ ਲੰਬੀ ਚੱਲੀ ਮੀਟਿੰਗ ਦੌਰਾਨ ਤਿੰਨੋਂ ਮੰਤਰੀਆਂ ਨੇ ਪਾਵਰ ਪਲਾਂਟਾਂ ਵਿੱਚ ਕੋਲੇ ਦੀ ਉਪਲੱਬਧਤਾ ਅਤੇ ਮੌਜੂਦਾ ਸਮੇਂ ਬਿਜਲੀ ਦੀ ਮੰਗ ਬਾਰੇ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਵਿੱਚ ਬਿਜਲੀ ਤੇ ਕੋਲਾ ਮੰਤਰਾਲਿਆਂ ਦੇ ਸਿਖਰਲੇ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ।
ਅਧਿਕਾਰੀਆਂ ਨੇ ਦੱਸਿਆ ਕਿ ਪਾਵਰ ਪਲਾਂਟਾਂ ਵਿੱਚ ਕੋਲੇ ਦੀ ਸਪਲਾਈ ਦੀ ਘਾਟ ਕਾਰਨ ਸੂਬਿਆਂ ਵੱਲੋਂ ਬਿਜਲੀ ਸੰਕਟ ਦੀ ਦਿੱਤੀ ਚਿਤਾਵਨੀ ਦੇ ਮੱਦੇਨਜ਼ਰ ਇਹ ਮੀਟਿੰਗ ਹੋਈ ਹੈ। ਅੰਕੜਿਆਂ ਮੁਤਾਬਕ 8 ਅਕਤੂਬਰ ਨੂੰ ਬਿਜਲੀ ਦੀ ਖਪਤ 3,900 ਐਮਯੂ ਹੋਈ ਜੋ ਇਸ ਮਹੀਨੇ ਹੁਣ ਤੱਕ (1 ਤੋਂ 9 ਅਕਤੂਬਰ ਤੱਕ) ਸਭ ਤੋਂ ਵੱਧ ਸੀ। ਇਹ ਕੋਲੇ ਦੀ ਚੱਲ ਰਹੀ ਕਮੀ ਦੌਰਾਨ ਚਿੰਤਾ ਦਾ ਵਿਸ਼ਾ ਵੀ ਬਣੀ।
ਟਾਟਾ ਪਾਵਰ ਦੀ ਸ਼ਾਖਾ ਟਾਟਾ ਪਾਵਰ ਦਿੱਲੀ ਡਿਸਟਰੀਬਿਊਸ਼ਨ ਲਿਮਟਿਡ (ਡੀਡੀਐਲ), ਜੋ ਉੱਤਰ ਤੇ ਉੱਤਰ -ਪੱਛਮੀ ਦਿੱਲੀ ਵਿੱਚ ਕੰਮ ਕਰਦੀ ਹੈ, ਨੇ ਆਪਣੇ ਖਪਤਕਾਰਾਂ ਨੂੰ ਫ਼ੋਨ ਸੁਨੇਹੇ ਭੇਜੇ ਸਨ, ‘ਉੱਤਰ ਭਰ ਦੇ ਉਤਪਾਦਨ ਪਲਾਂਟਾਂ ਵਿੱਚ ਸੀਮਤ ਕੋਲੇ ਦੀ ਉਪਲੱਬਧਤਾ ਕਾਰਨ ਬਾਅਦ ਦੁਪਹਿਰ 2 ਤੋਂ 6 ਵਜੇ ਵਿਚਕਾਰ ਬਿਜਲੀ ਸਪਲਾਈ ਨਾਜ਼ੁਕ ਪੱਧਰ ’ਤੇ ਹੈ। ਕਿਰਪਾ ਕਰਕੇ ਬਿਜਲੀ ਦੀ ਵਰਤੋਂ ਸੰਜਮ ਨਾਲ ਕਰਕੇ ਜ਼ਿੰਮੇਵਾਰ ਨਾਗਰਿਕ ਬਣੋ।’ ਜ਼ਿਕਰਯੋਗ ਹੈ ਕਿ ਗੁਜਰਾਤ, ਪੰਜਾਬ, ਰਾਜਸਥਾਨ, ਦਿੱਲੀ ਅਤੇ ਤਮਿਲਨਾਡੂ ਵਿੱਚ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। -ਪੀਟੀਆਈ