ਚੇਨੱਈ, 21 ਨਵੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਇੱਥੇ ਲੋਕਾਂ ਨੂੰ ਹੈਰਾਨ ਕਰਦੇ ਹੋਏ ਆਪਣੇ ਹਮਾਇਤੀਆਂ ਦਾ ਧੰਨਵਾਦ ਕਰਨ ਲਈ ਪ੍ਰੋਟੋਕੋਲ ਤੋੜਦੇ ਹੋਏ ਆਪਣੇ ਵਾਹਨ ’ਚੋਂ ਬਾਹਰ ਨਿਕਲੇ ਅਤੇ ਹਵਾਈ ਅੱਡੇ ਦੇ ਬਾਹਰ ਮਸਰੂਫ਼ ਜੀਐੈੱਸਟੀ ਰੋਡ ’ਤੇ ਪੈਦਲ ਚੱਲਣ ਲੱਗੇ। ਅਮਿਤ ਸ਼ਾਹ ਇੱਥੇ ਦੋ ਰੋਜ਼ਾ ਦੌਰੇ ’ਤੇ ਆਏ ਹੋਏ ਹਨ। ਉਨ੍ਹਾਂ ਇੱਥੋਂ ਦੇ ਲੋਕਾਂ ਦਾ ਪਿਆਰ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਲਈ ਤਾਮਿਲ ਨਾਡੂ ’ਚ ਹੋਣਾ ਵੱਡੀ ਗੱਲ ਹੈ। ਅਮਿਤ ਸ਼ਾਹ ਦੇ ਇੱਥੇ ਪਹੁੰਚਣ ਤੋਂ ਬਾਅਦ ਉਨ੍ਹਾਂ ਦੀ ਅਗਵਾਈ ਤਾਮਿਲ ਨਾਡੂ ਦੇ ਮੁੱਖ ਮੰਤਰੀ ਪਲਾਨੀਸਵਾਮੀ, ਉੱਪ ਮੁੱਖ ਮੰਤਰੀ ਓ ਪਨੀਰਸੇਲਵਮ, ਮੰਤਰੀ ਮੰਡਲ ਦੇ ਸੀਨੀਅਰ ਮੈਂਬਰਾਂ ਤੇ ਭਾਜਪਾ ਦੇ ਸੂਬਾ ਪ੍ਰਧਾਨ ਐੱਲ ਮੁਰੂਗਨ ਅਤੇ ਹੋਰਾਂ ਨੇ ਕੀਤੀ। ਹਵਾਈ ਅੱਡੇ ਤੋਂ ਬਾਹਰ ਨਿਕਲਣ ਮਗਰੋਂ ਸ਼ਾਹ ਦੀ ਕਾਰ ਅਚਾਨਕ ਰੁਕੀ ਅਤੇ ਉਹ ਪਾਰਟੀ ਵਰਕਰਾਂ ਦਾ ਧੰਨਵਾਦ ਕਰਨ ਲਈ ਕੁਝ ਦੂਰ ਪੈਦਲ ਚੱਲੇ। ਇਸ ਮਗਰੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਤਾਮਿਲ ਨਾਡੂ ਦੇ ਚੇਨੱਈ ਸ਼ਹਿਰ ’ਚ ਪੀਣ ਵਾਲੇ ਪਾਣੀ ਦੀ ਕਮੀ ਪੂਰੀ ਕਰਨ ਲਈ 380 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਪੰਜਵਾਂ ਜਲ ਸਪਲਾਈ ਪ੍ਰਾਜੈਕਟ ਸ਼ਹਿਰ ਨੂੰ ਸਮਰਿਪਤ ਕੀਤਾ ਅਤੇ ਸੂਬੇ ਭਰ ’ਚ 67 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਵੱਖ ਵੱਖ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ। ਸ਼ਾਹ ਨੇ ਜਿਨ੍ਹਾਂ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਉਨ੍ਹਾਂ ’ਚ ਚੇਨੱਈ ਮੈਟਰੋ ਰੇਲ ਦਾ ਦੂਜਾ ਗੇੜ, ਕੋਇੰਬਟੂਰ ’ਚ ਐਲੀਵੇਟਿਡ ਰਾਜ ਮਾਰਗ, ਕਰੂਰ ਜ਼ਿਲ੍ਹੇ ’ਚ ਕਾਵੇਰੀ ਨਦੀ ਤੋਂ ਪਾਰ ਇੱਕ ਬੈਰਾਜ ਸ਼ਾਮਲ ਕੀਤਾ ਹੈ। -ਪੀਟੀਆਈ