ਨਵੀਂ ਦਿੱਲੀ, 2 ਜੁਲਾਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਉੱਤਰ ਪ੍ਰਦੇਸ਼, ਹਰਿਆਣਾ ਤੇ ਦਿੱਲੀ ਦੇ ਮੁੱਖ ਮੰਤਰੀਆਂ ਨਾਲ ਵਰਚੁਅਲ ਮੀਟਿੰਗ ਕਰਕੇ ਕੌਮੀ ਰਾਜਧਾਨੀ ਤੇ ਨਾਲ ਲਗਦੇ ਖੇਤਰਾਂ ਵਿੱਚ ਕੋਵਿਡ-19 ਕਰਕੇ ਬਣੇ ਹਾਲਾਤ ਦਾ ਜਾਇਜ਼ਾ ਲਿਆ। ਸ਼ਾਹ ਨੇ ਰੈਪਿਡ ਐਂਟੀਜੈੈੱਨ ਕਿੱਟਾਂ ਨਾਲ ਕੋਵਿਡ-19 ਦੇ ਵਧੇਰੇ ਟੈਸਟ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਮੁੱਖ ਮੰਤਰੀਆਂ ਯੋਗੀ ਆਦਿੱਤਿਆਨਾਥ, ਮਨੋਹਰ ਲਾਲ ਖੱਟਰ ਤੇ ਅਰਵਿੰਦ ਕੇਜਰੀਵਾਲ ਨੂੰ ਸੁਝਾਅ ਦਿੱਤਾ ਕਿ ਕਰੋਨਾ ਖ਼ਿਲਾਫ਼ ਜੰਗ ਦਾ ਮੁੱਖ ਨਿਸ਼ਾਨਾ ਪੀੜਤ ਮਰੀਜ਼ਾਂ ਦਾ ਜਿੰਨਾ ਛੇਤੀ ਹੋ ਸਕੇ ਹਸਪਤਾਲਾਂ ’ਚ ਦਾਖ਼ਲਾ ਯਕੀਨੀ ਬਣਾ ਕੇ ਮੌਤ ਦੀ ਦਰ ਘਟਾਉਣ ਵੱਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਰਾਜਾਂ ਵਿਚਲੇ ਛੋਟੇ ਹਸਪਤਾਲ ਟੈਲੀ-ਵੀਡੀਓਗ੍ਰਾਫ਼ੀ ਜ਼ਰੀਏ ਏਮਜ਼ ਤੋਂ ਯੋਗ ਅਗਵਾਈ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਯੂਪੀ ਤੇ ਹਰਿਆਣਾ ਏਮਜ਼ ਤੋਂ ਟੈਲੀਮੈਡੀਸਨ ਸਲਾਹ ਮਸ਼ਵਰਾ ਲੈ ਸਕਦੇ ਹਨ, ਜਿਸ ਰਾਹੀਂ ਮਰੀਜ਼ਾਂ ਨੂੰ ਮਾਹਿਰਾਂ ਤੋਂ ਸਲਾਹ ਮਿਲੇਗੀ। ਉਨ੍ਹਾਂ ਐੱਨਸੀਆਰ ਵਿੱਚ ਕੋਵਿਡ ਦੀ ਮੈਪਿੰਗ ਲਈ ਆਰੋਗਿਆ ਸੇਤੂ ਤੇ ਇਤਿਹਾਸ ਐਪ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਕਿਹਾ। ਮੀਟਿੰਗ ਵਿੱਚ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਵੀ ਮੌਜੂਦ ਸਨ। ਕੌਮੀ ਰਾਜਧਾਨੀ ਖੇਤਰ (ਐੱਨਸੀਆਰ) ਵਿੱਚ ਹਰਿਆਣਾ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਦੇ ਕੁਝ ਜ਼ਿਲ੍ਹੇ ਆਉਂਦੇ ਹਨ, ਜਿਨ੍ਹਾਂ ਵਿੱਚ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ (ਨੌਇਡਾ), ਗਾਜ਼ੀਆਬਾਦ ਅਤੇ ਹਰਿਆਣਾ ਦੇ ਗੁੜਗਾਓਂ ਤੇ ਫਰੀਦਾਬਾਦ ਪ੍ਰਮੁੱਖ ਹਨ। -ਪੀਟੀਆਈ