ਮੇਮਾਰੀ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਦੋਸ਼ ਲਾਇਆ ਕਿ ਉਹ ਸੂਬੇ ’ਚ ਹਿੰਸਾ ਭੜਕਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਉਹ ਪੁਲੀਸ ਨੂੰ ਅਨੈਤਿਕ ਹੱਥਕੰਡੇ ਅਪਣਾਉਣ ਲਈ ਉਕਸਾ ਰਹੇ ਹਨ। ਤ੍ਰਿਣਮੂਲ ਕਾਂਗਰਸ ਸੁਪਰੀਮੋ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਲਾਹ ਦਿੱਤੀ ਹੈ ਕਿ ਉਹ ਸ਼ਾਹ ਨੂੰ ਕੰਟਰੋਲ ਕਰਨ ਕਿਉਂਕਿ ਉਹ ਸੂਬੇ ’ਚ ਦੰਗੇ ਭੜਕਾ ਸਕਦੇ ਹਨ। ਪੂਰਬੀ ਬਰਧਮਾਨ ਜ਼ਿਲ੍ਹੇ ਦੇ ਮੇਮਾਰੀ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਨੇ ਕਿਹਾ,‘‘ਮੈਂ ਅਜਿਹਾ ਗੁੰਡਾ (ਗੈਂਗਸਟਰ), ਦੰਗਾਬਾਜ਼ ਗ੍ਰਹਿ ਮੰਤਰੀ ਆਪਣੀ ਜ਼ਿੰਦਗੀ ’ਚ ਕਦੇ ਵੀ ਨਹੀਂ ਦੇਖਿਆ ਹੈ। ਅਮਿਤ ਸ਼ਾਹ ਸ਼ੇਰ ਨਾਲੋਂ ਵੀ ਖ਼ਤਰਨਾਕ ਹੈ। ਲੋਕ ਉਸ ਨਾਲ ਗੱਲ ਕਰਨ ਤੋਂ ਡਰਦੇ ਹਨ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕਰਦੀ ਹਾਂ ਕਿ ਉਹ ਪਹਿਲਾਂ ਅਮਿਤ ਸ਼ਾਹ ਨੂੰ ਕਾਬੂ ਕਰਨ। ਉਹ ਇਥੇ ਦੰਗੇ ਭੜਕਾ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਮੌਜੂਦਾ ਵਿਧਾਨ ਸਭਾ ਚੋਣਾਂ ਬੰਗਾਲ ਦੇ ਸਨਮਾਨ ਦੀ ਰਾਖੀ ਲਈ ਲੜੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਚੋਣਾਂ ਬੰਗਾਲ ਨੂੰ ਦੂਜਾ ਗੁਜਰਾਤ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਲੜੀਆਂ ਜਾ ਰਹੀਆਂ ਹਨ। -ਪੀਟੀਆਈ