ਹਰਦੋਈ (ਯੂਪੀ), 28 ਦਸੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਮਾਜਵਾਦੀ ਪਾਰਟੀ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਵਿਰੋਧੀ ਪਾਰਟੀ ਦੀ ਸ਼ਬਦਾਵਲੀ ‘ਅਪਰਾਧ’, ‘ਭਾਈ ਭਤੀਜਾਵਾਦ’ ਅਤੇ ‘ਕੁਰੱਪਸ਼ਨ’ ਤੋਂ ਸ਼ੁਰੂ ਹੁੰਦੀ ਹੈ। ਇੱਥੇ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਆਗੂ ਨੇ ਦੋਸ਼ ਲਾਇਆ ਕਿ ਸਪਾ, ਬਸਪਾ ਤੇ ਕਾਂਗਰਸ ਨੇ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਦਾ ਕੰਮ ਰੋਕਣ ਲਈ ਕਈ ਯਤਨ ਕੀਤੇ। ਉਨ੍ਹਾਂ ਕਿਹਾ ਕਿ ਉਹ ਭਾਵੇਂ ਕਿੰਨਾ ਵੀ ਜ਼ੋਰ ਲਾ ਲੈਣ ਪਰ ਉਹ ਕਦੇ ਵੀ ਸਫ਼ਲ ਨਹੀਂ ਹੋਣਗੇ। ਉਨ੍ਹਾਂ ਕਾਨਪੁਰ ਦੇ ਇੱਕ ਪਰਫਿਊਮ ਕਾਰੋਬਾਰੀ ਦੇ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਵੱਲੋਂ ਮਾਰੇ ਗਏ ਛਾਪਿਆਂ ’ਤੇ ਨਿਸ਼ਾਨਾ ਸੇਧਦਿਆਂ ਕਿਹਾ,‘ਸਮਾਜਵਾਦੀ ਪਾਰਟੀ ਦੀ ‘ਏ’,‘ਬੀ’,‘ਸੀ’, ‘ਡੀ’ ਆਪਣੇ-ਆਪ ’ਚ ਹੀ ਪੂਰੀ ਤਰ੍ਹਾਂ ਗਲਤ ਹੈ ਜਿੱਥੇ ‘ਏ’ ਤੋਂ ਭਾਵ ਅਪਰਾਧ ਤੇ ਆਤੰਕ, ‘ਬੀ’ ਤੋਂ ਭਾਵ ‘ਭਾਈ-ਭਤੀਜਾਵਾਦ’, ‘ਸੀ’ ਤੋਂ ਭਾਵ ‘ਕੁਰੱਪਸ਼ਨ’ ਤੇ ‘ਡੀ’ ਤੋਂ ਭਾਵ ‘ਦੰਗਾ’ ਹੈ। ਸਾਬਕਾ ਭਾਜਪਾ ਪ੍ਰਧਾਨ ਨੇ ਜਨ ਵਿਸ਼ਵਾਸ ਯਾਤਰਾ ਮੌਕੇ ਕਿਹਾ,‘ਭਾਜਪਾ ਨੇ ਇਹ ‘ਏ’, ‘ਬੀ’. ‘ਸੀ’, ‘ਡੀ’ ਨੂੰ ਖਤਮ ਕਰ ਦਿੱਤਾ ਹੈ। ਹਰਦੋਈ ਸਮਾਜਵਾਦੀ ਪਾਰਟੀ ਦਾ ਗੜ੍ਹ ਤੇ ਸਾਲ 2018 ਵਿੱਚ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਨਰੇਸ਼ ਚੰਦਰ ਅਗਰਵਾਲ ਦਾ ਪਰਿਵਾਰ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ,‘ਕੁਝ ਦਿਨ ਪਹਿਲਾਂ ਕਈ ਇਨਕਮ ਟੈਕਸ ਵਿਭਾਗ ਵੱਲੋਂ ਛਾਪੇ ਮਾਰੇ ਗਏ ਸਨ। ਸਪਾ ਮੁਖੀ ਅਖਿਲੇਸ਼ ਦੇ ਢਿੱਡ ਪੀੜ ਕਿਉਂ ਹੋ ਰਹੀ ਹੈ, ਜੋ ਆਖ ਰਹੇ ਹਨ ਕਿ ਇਹ ਛਾਪੇ ਮਾੜੀ ਰਾਜਸੀ ਭਾਵਨਾ ਨਾਲ ਮਾਰੇ ਗਏ ਹਨ। -ਪੀਟੀਆਈ