ਤੇਹੱਟਾ (ਪੱਛਮੀ ਬੰਗਾਲ), 16 ਅਪਰੈਲ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਦਲਿਤ ਮਾਤੁਆ ਤੇ ਨਾਮਸ਼ੁਦਰ ਭਾਈਚਾਰੇ ਦੇ ਲੋਕਾਂ ਨੂੰ ਨਾਗਰਿਕਤਾ ਦੇਣ ਤੋਂ ਇਨਕਾਰ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਮਮਤਾ ਅਜਿਹਾ ਇਸ ਲਈ ਕਰ ਰਹੀ ਹੈ ਕਿਉਂ ਕਿ ਉਨ੍ਹਾਂ ਦੇ ਵੋਟ ਬੈਂਕ ਨੂੰ ਇਹ ਪਸੰਦ ਨਹੀਂ ਹੈ। ਕਈ ਸੀਟਾਂ ’ਤੇ ਵਿਧਾਨ ਸਭਾ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਣ ਵਾਲੇ ਇਨ੍ਹਾਂ ਦੋਹਾਂ ਭਾਈਚਾਰਿਆਂ ਨੂੰ ਪ੍ਰਭਾਵਿਤ ਕਰਨ ਦੇ ਉਪਰਾਲੇ ਤਹਿਤ ਸ਼ਾਹ ਨੇ ਕਿਹਾ ਕਿ ਸੂਬੇ ਵਿਚ ਜੇਕਰ ਭਾਜਪਾ ਸੱਤਾ ਵਿਚ ਆਈ ਤਾਂ ਇਨ੍ਹਾਂ ਦੋਹਾਂ ਭਾਈਚਾਰਿਆਂ ਦੀ ਭਲਾਈ ਲਈ 100 ਕਰੋੜ ਰੁਪਏ ਦਾ ਫੰਡ ਕਾਇਮ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਦਾ ਮਜ਼ਾਕ ਉਡਾਉਂਦੇ ਹੋਏ ਉਨ੍ਹਾਂ ਨੂੰ ‘ਸੈਰ-ਸਪਾਟੇ ਵਾਲਾ ਆਗੂ’ ਕਰਾਰ ਦਿੱਤਾ। ਉਹ ਨਾਦੀਆ ਜ਼ਿਲ੍ਹੇ ਦੇ ਤੇਹੱਟਾ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।