ਨਵੀਂ ਦਿੱਲੀ, 4 ਜੁਲਾਈ
ਪਾਬੰਦੀਸ਼ੁਦਾ ਖਾਲਿਸਤਾਨ ਪੱਖੀ ਜਥੇਬੰਦੀ ਸਿੱਖਸ ਫ਼ਾਰ ਜਸਟਿਸ (ਐੱਸਐੱਫਜੇ) ਵੱਲੋਂ ਅੱਜ ਇਕ ਰੂਸੀ ਪੋਰਟਲ ਰਾਹੀਂ ਪੰਜਾਬ ਵਿੱਚ ਲੋਕਾਂ ਲਈ ‘ਰੈਫਰੈਂਡਮ-2020’ ਵਾਸਤੇ ਆਨਲਾਈਨ ਵੋਟਰ ਰਜਿਸਟਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਐੱਸਐੱਫਜੇ ਵੱਲੋਂ ਪਿਛਲੇ ਸਾਲ ਜੁਲਾਈ ਵਿੱਚ ਖਾਲਿਸਤਾਨ ਦੀ ਮੰਗ ਲਈ ਰੈਫਰੈਂਡਮ 2020 ਕਰਵਾਉਣ ਦੇ ਐਲਾਨ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਜਥੇਬੰਦੀ ’ਤੇ ਪਾਬੰਦੀ ਲਗਾ ਦਿੱਤੀ ਸੀ।
ਐੱਸਐੱਫਜੇ ਨੇ ਰੂਸ ਦੀ ਵੈੱਬਸਾਈਟ www.punjabfree.ru ਰਾਹੀਂ ਰੈਫਰੈਂਡਮ 2020 ਵੋਟਰ ਰਜਿਸਟਰੇਸ਼ਨ ਦੀ ਸ਼ੁਰੂਆਤ ਕੀਤੀ, ਜਿਸ ਵਿਚ ਪੰਜਾਬ ਦੇ ਲੋਕਾਂ ਅਤੇ ਭਾਰਤ ਵਿੱਚ ਰਹਿੰਦੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਿੱਖਾਂ ਜਾਂ ਹੋਰ ਕਿਸੇ ਵੀ ਧਰਮ ਦੇ ਲੋਕਾਂ ਨੂੰ ਰਜਿਸਟਰੇਸ਼ਨ ਕਰਾਉਣ ਦੀ ਅਪੀਲ ਕੀਤੀ ਗਈ ਹੈ। ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਰੂਸ-ਆਧਾਰਤ ਵੈੱਬਸਾਈਟ ’ਤੇ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾਵਾਂ ਵਿੱਚ ਪਾਈ ਗਈ ਹੈ। ਅਮਰੀਕਾ ਸਥਿਤ ਖਾਲਿਸਤਾਨ ਪੱਖੀ ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਰਾਹੀਂ ਵੋਟਰ ਰਜਿਸਟਰੇਸ਼ਨ ਦਾ ਐਲਾਨ ਕੀਤਾ। ਸੂਤਰਾਂ ਨੇ ਦੱਸਿਆ ਕਿ 4 ਜੁਲਾਈ ਦਾ ਦਿਨ ਐੱਸਐੱਫਜੇ ਨੇ ਰੈਫਰੈਂਡਮ 2020 ਲਈ ਵੋਟਰ ਰਜਿਸਟਰੇਸ਼ਨ ਸ਼ੁਰੂ ਕਰਨ ਵਾਸਤੇ ਚੁਣਿਆ ਸੀ ਕਿਉਂਕਿ 1955 ਵਿੱਚ ਇਸ ਦਿਨ ਇਕੱਠੇ ਹੋਏ ਵੱਖਵਾਦੀ ਸਿੱਖ ਵਾਲੰਟੀਅਰਾਂ ਨੂੰ ਖਿੰਡਾਉਣ ਲਈ ਸਰਕਾਰ ਨੇ ਪੁਲੀਸ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਅਹਾਤੇ ਵਿੱਚ ਦਾਖਲ ਹੋਣ ਦਾ ਆਦੇਸ਼ ਦਿੱਤਾ ਸੀ।’’ ਇਸ ਮੁਹਿੰਮ ਦੇ ਸ਼ੁਰੂ ਹੋਣ ਨਾਲ ਪੰਜਾਬ ਪੁਲੀਸ ਤੇ ਕੇਂਦਰੀ ਖ਼ੁਫ਼ੀਆ ਏਜੰਸੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ।