ਨਵੀਂ ਦਿੱਲੀ, 7 ਅਕਤੂਬਰ
ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੇ ਛੇ ਮਹਿਲਾ ਪਹਿਲਵਾਨਾਂ ਵੱਲੋਂ ਆਪਣੇ ’ਤੇ ਲਾਏ ਗਏ ਜਨਿਸੀ ਸ਼ੋਸ਼ਣ ਦੇ ਦੋਸ਼ ਝੂਠ ਅਤੇ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤੇ ਹਨ। ਵਧੀਕ ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ ਹਰਜੀਤ ਸਿੰਘ ਜਸਪਾਲ ਅੱਗੇ ਬ੍ਰਿਜ ਭੂਸ਼ਨ ਦੇ ਵਕੀਲ ਨੇ ਇਹ ਦਾਅਵਾ ਕੀਤਾ। ਕੇਸ ’ਚ ਉਸ ਖ਼ਿਲਾਫ਼ ਦੋਸ਼ ਆਇਦ ਕਰਨ ਸਬੰਧੀ ਬਹਿਸ ਅੱਜ ਤੋਂ ਸ਼ੁਰੂ ਹੋਈ ਹੈ। ਵਕੀਲ ਨੇ ਕਿਹਾ ਕਿ ਇਕ ਸ਼ਿਕਾਇਤਕਰਤਾ ਜਨਿਸੀ ਸ਼ੋਸ਼ਣ ਕਮੇਟੀ ਦੀ ਮੈਂਬਰ ਹੈ ਅਤੇ ਉਸ ਨੇ ਕਦੇ ਵੀ 2012 ’ਚ ਵਾਪਰੀ ਘਟਨਾ ਦਾ ਅਪਰੈਲ, 2023 ਤੱਕ ਕੋਈ ਖ਼ੁਲਾਸਾ ਨਹੀਂ ਕੀਤਾ ਸੀ। ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਜਦੋਂ ਇਹ ਮਹਿਲਾ ਪਹਿਲਵਾਨ ਓਲੰਪਿਕ ਲਈ ਕੁਆਲੀਫਾਈ ਹੋਣ ’ਚ ਨਾਕਾਮ ਰਹੀ ਤਾਂ ਜਨਿਸੀ ਸ਼ੋਸ਼ਣ ਦੇ ਦੋਸ਼ ਲਾਏ ਗਏ। ਉਨ੍ਹਾਂ ਕਿਹਾ ਕਿ ਹਰ ਦੋਸ਼ ਝੂਠਾ ਅਤੇ ਹਰੇਕ ਸ਼ਿਕਾਇਤਕਰਤਾ ਨੇ ਆਪਣੇ ਬਿਆਨ ਬਦਲੇ ਹਨ। ਬਚਾਅ ਪੱਖ ਦੀਆਂ ਦਲੀਲਾਂ ਸੁਣਨ ਮਗਰੋਂ ਜੱਜ ਨੇ ਕੇਸ ਦੀ ਸੁਣਵਾਈ 16 ਅਕਤੂਬਰ ਲਈ ਨਿਰਧਾਰਿਤ ਕਰ ਦਿੱਤੀ। -ਪੀਟੀਆਈ