ਨਵੀਂ ਦਿੱਲੀ, 20 ਜਨਵਰੀ
ਸੁਪਰੀਮ ਕੋਰਟ ਤਹਿਲਕਾ ਮੈਗਜ਼ੀਨ ਦੇ ਸਾਬਕਾ ਮੁੱਖ ਸੰਪਾਦਕ ਤੇ ਪੱਤਰਕਾਰ ਤਰੁਣ ਤੇਜਪਾਲ ਵੱਲੋਂ ਬੰਬੇ ਹਾਈ ਕੋਰਟ ਦੇ ਹੁਕਮਾਂ ਖਿਲਾਫ਼ ਦਾਇਰ ਪਟੀਸ਼ਨ ’ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰੇਗੀ। ਤੇਜਪਾਲ ਦੀ ਸਾਲ 2013 ਦੇ ਜਬਰ ਜਨਾਹ ਕੇਸ ਵਿੱਚ ਉਸ ਨੂੰ ਰਿਹਾਅ ਕਰਨ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਪਟੀਸ਼ਨ ਦੀ ਬੰਦ ਕਮਰਾ ਸੁਣਵਾਈ ਕਰਨ ਸਬੰਧੀ ਪਟੀਸ਼ਨ ਨੂੰ ਬੰਬੇ ਹਾਈ ਕੋਰਟ ਦੇ ਗੋਆ ਬੈਂਚ ਨੇ ਰੱਦ ਕਰ ਦਿੱਤਾ ਸੀ।
ਜਸਟਿਸ ਐੱਲ.ਨਾਗੇਸ਼ਵਰ ਰਾਓ ਤੇ ਬੀ.ਆਰ.ਗਵਈ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਤੇਜਪਾਲ ਦੀ ਉਪਰੋਕਤ ਪਟੀਸ਼ਨ ਨੂੰ ਭਲਕੇ ਸੁਣਵਾਈ ਲਈ ਸੂਚੀਬੰਦ ਕੀਤਾ ਹੈ। ਕਾਬਿਲੇਗੌਰ ਹੈ ਕਿ ਤਹਿਲਕਾ ਮੈਗਜ਼ੀਨ ਦੇ ਸਾਬਕਾ ਮੁੱਖ ਸੰਪਾਦਕ ਤਰੁਣ ਤੇਜਪਾਲ ਦੀ ਮਹਿਲਾ ਕੁਲੀਗ ਨੇ ਨਵੰਬਰ 2013 ਵਿੱਚ ਉਨ੍ਹਾਂ ’ਤੇ ਗੋਆ ਦੇ ਇਕ ਪੰਜ ਤਾਰਾ ਹੋਟਲ ਦੀ ਲਿਫਟ ਵਿੱਚ ਜਿਨਸੀ ਹਮਲਾ ਕਰਨ ਦਾ ਦੋਸ਼ ਲਾਇਆ ਸੀ। ਸੈਸ਼ਨ ਕੋਰਟ ਨੇ ਪਿਛਲੇ ਸਾਲ ਮਈ ਵਿੱਚ ਤੇਜਪਾਲ ਨੂੰ ਇਨ੍ਹਾਂ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ। ਇਸ ਮਗਰੋਂ ਸੂਬਾ ਸਰਕਾਰ ਨੇ ਬੰਬੇ ਹਾਈ ਕੋਰਟ ਦੇ ਗੋਆ ਬੈਂਚ ਅੱਗੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਤੇਜਪਾਲ ਨੇ ਮੰਗ ਕੀਤੀ ਸੀ ਕਿ ਗੋਆ ਸਰਕਾਰ ਵੱਲੋਂ ਦਾਇਰ ਪਟੀਸ਼ਨ ’ਤੇ ਬੰਦ ਕਮਰਾ ਸੁਣਵਾਈ ਹੋਵੇ, ਜਿਸ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀ। -ਪੀਟੀਆਈ