ਚੇਨੱਈ, 2 ਅਗਸਤ
ਮਦਰਾਸ ਹਾਈ ਕੋਰਟ ਨੇ ਮਹਿਲਾ ਆਈਪੀਐੱਸ ਅਧਿਕਾਰੀ ’ਤੇ ਜਿਨਸੀ ਹਮਲੇ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਮੁਅੱਤਲ ਸਪੈਸ਼ਲ ਡੀਜੀਪੀ ਖ਼ਿਲਾਫ਼ ਹਰ ਰੋਜ਼ ਸੁਣਵਾਈ ਕਰਨ ਲਈ ਅੱਜ ਵਿਲੂਪੁਰਮ ਦੀ ਇੱਕ ਹੇਠਲੀ ਅਦਾਲਤ ਨੂੰ ਨਿਰਦੇਸ਼ ਦਿੱਤੇ ਹਨ ਅਤੇ ਨਾਲ ਹੀ ਕਿਹਾ ਕਿ ਮਾਮਲੇ ਦੀ ਸੁਣਵਾਈ 20 ਦਸੰਬਰ ਤੱਕ ਮੁਕੰਮਲ ਕੀਤੀ ਜਾਵੇ। ਜਸਟਿਸ ਐੱਨ ਅਨੰਦ ਵੈਂਕੇਟੇਸ਼ ਨੇ ਖ਼ੁਦ ਇਸ ਮਾਮਲੇ ਦਾ ਨੋਟਿਸ ਲਿਆ ਸੀ ਅਤੇ ਉਹ ਇਸ ਕੇਸ ’ਤੇ ਕਰੀਬ ਤੋਂ ਨਜ਼ਰ ਰੱਖ ਰਹੇ ਸਨ।
ਅੱਜ ਜਦੋਂ ਮਾਮਲਾ ਉਨ੍ਹਾਂ ਦੀ ਅਦਾਲਤ ਵਿੱਚ ਆਇਆ ਤਾਂ ਉਨ੍ਹਾਂ ਨੇ ਇਹ ਨਿਰਦੇਸ਼ ਦਿੱਤੇ। ਐਡਵੋਕੇਟ ਜਨਰਲ ਆਰ ਸ਼ਨਮੁਗਾਸੁੰਦਰਮ ਨੇ ਅਦਾਲਤ ਨੂੰ ਦੱਸਿਆ ਕਿ ਸੂਬਾ ਸਰਕਾਰ ਨੇ ਸਾਬਕਾ ਸਪੈਸ਼ਲ ਡੀਜੀਪੀ ਅਤੇ ਚੇਂਗਲਾਪੱਟੂ ਦੇ ਤਤਕਾਲੀ ਐੱੱਸਪੀ, ਜੋ ਇਸ ਘਟਨਾ ਵਿੱਚ ਕਥਿਤ ਭੂਮਿਕਾ ਕਾਰਨ ਮੁਅੱਤਲ ਹਨ, ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। -ਪੀਟੀਆਈ