ਚਿਤਰਦੁਰਗ (ਕਰਨਾਟਕ) : ਵਿਦਿਆਰਥਣਾਂ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਹੇਠ ਘਿਰੇ ਲਿੰਗਾਯਤ ਮੱਠ ਦੇ ਮੁੱਖ ਪੁਜਾਰੀ ਸ਼ਿਵਮੂਰਤੀ ਮੁਰੁਘਾ ਸ਼ਰਨਾਰੂ ਨੂੰ ਕਰਨਾਟਕ ਦੀ ਅਦਾਲਤ ਨੇ ਪੰਜ ਦਿਨਾਂ ਦੀ ਪੁਲੀਸ ਹਿਰਾਸਤ ’ਚ ਭੇਜ ਦਿੱਤਾ ਹੈ। ਜੱਜ ਬੀ ਕੇ ਕੋਮਲ ਨੇ ਸਪੱਸ਼ਟ ਨਿਰਦੇਸ਼ ਦਿੱਤੇ ਕਿ ਮੁਲਜ਼ਮ ਪੁਜਾਰੀ ਨੂੰ ਪੁਲੀਸ ਹਿਰਾਸਤ ਦੌਰਾਨ ਕਿਤੇ ਵੀ ਨਾ ਲਿਜਾਇਆ ਜਾਵੇ। ਇਸ ਨਾਲ ਪੁਜਾਰੀ ਨੂੰ ਬੰਗਲੂਰੂ ਦੇ ਹਸਪਤਾਲ ’ਚ ਦਾਖ਼ਲ ਕਰਾਏ ਜਾਣ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ ਹਨ। ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਪੁਜਾਰੀ ਨੂੰ ਬੰਗਲੂਰੂ ਦੇ ਹਸਪਤਾਲ ’ਚ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਲਈ ਜੱਜ ਨੇ ਅਧਿਕਾਰੀਆਂ ਦੀ ਲਾਹ-ਪਾਹ ਵੀ ਕੀਤੀ। ਪੁਲੀਸ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪੁਜਾਰੀ ਨੂੰ 5 ਸਤੰਬਰ ਨੂੰ ਅਦਾਲਤ ’ਚ ਪੇਸ਼ ਕਰੇ। ਜ਼ਿਕਰਯੋਗ ਹੈ ਕਿ ਗ੍ਰਿਫ਼ਤਾਰੀ ਮਗਰੋਂ ਪੁਜਾਰੀ ਨੂੰ ਚਿਤਰਦੁਰਗ ਦੇ ਜ਼ਿਲ੍ਹਾ ਹਸਪਤਾਲ ਦੇ ਆਈਸੀਯੂ ’ਚ ਦਾਖ਼ਲ ਕਰਵਾਇਆ ਗਿਆ ਸੀ। ਛਾਤੀ ’ਚ ਦਰਦ ਦੀ ਸ਼ਿਕਾਇਤ ਮਗਰੋਂ ਡਾਕਟਰਾਂ ਨੇ ਉਸ ਨੂੰ ਇਲਾਜ ਲਈ ਬੰਗਲੂਰੂ ਦੇ ਹਸਪਤਾਲ ਦਾਖ਼ਲ ਕਰਨ ਦੀ ਤਿਆਰੀ ਕੀਤੀ ਹੋਈ ਸੀ। ਸੂਬੇ ਦੇ ਲਿੰਗਾਇਤ ਭਾਈਚਾਰੇ ਦੇ ਸਭ ਤੋਂ ਵੱਕਾਰੀ ਅਤੇ ਪ੍ਰਭਾਵਸ਼ਾਲੀ ਮੱਠਾਂ ਵਿੱਚੋਂ ਇੱਕ ਇਸ ਮੱਠ ਦੇ ਮੁਖੀ ਖ਼ਿਲਾਫ਼ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਧਰ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਸ੍ਰੀ ਮੁਰੁਘਾ ਮੱਠ ਦੇ ਮੁਖੀ ਸ਼ਿਵਮੂਰਤੀ ਮੁਰੁਘਾ ਸ਼ਰਨਾਰੂ ਦੀ ਦੇਰੀ ਨਾਲ ਕੀਤੀ ਗਈ ਗ੍ਰਿਫ਼ਤਾਰੀ ਲਈ ਜਵਾਬਦੇਹ ਨਹੀਂ ਹੈ ਕਿਉਂਕਿ ਪੁਲੀਸ ਨੂੰ ਪੁਜਾਰੀ ਖ਼ਿਲਾਫ਼ ਜਾਂਚ ਦੀ ਖੁੱਲ੍ਹੀ ਛੋਟ ਦਿੱਤੀ ਗਈ ਹੈ। ਭਾਜਪਾ ਦੇ ਸੰਸਦ ਮੈਂਬਰ ਲਾਹਰ ਸਿੰਘ ਸਿਰੋਯਾ ਨੇ ਕਿਹਾ ਕਿ ਜਦੋਂ ਵੀ ਅਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਸਾਰਿਆਂ ਦਾ ਭਰੋਸਾ ਟੁੱਟ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਕਰਨਾਟਕ ਦੇ ਮੰਤਰੀ ਵੀ ਸੋਮੰਨਾ ਨੇ ਕਿਹਾ ਕਿ ਪੁਲੀਸ ਨੂੰ ਇਸ ਮਾਮਲੇ ਦੀ ਜਾਂਚ ਕਰਕੇ ਸਚਾਈ ਲੋਕਾਂ ਸਾਹਮਣੇ ਲਿਆਉਣੀ ਚਾਹੀਦੀ ਹੈ। -ਆਈਏਐਨਐਸ