ਨਵੀਂ ਦਿੱਲੀ, 30 ਜੂਨ
ਵਪਾਰ ਸੁਧਾਰ ਕਾਰਜ ਯੋਜਨਾ 2020 ਲਾਗੂ ਕਰਨ ਦੇ ਮਾਮਲੇ ’ਚ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਰੈਂਕਿੰਗ ’ਚ ਪੰਜਾਬ, ਹਰਿਆਣਾ, ਆਂਧਰਾ ਪ੍ਰਦੇਸ਼ ਅਤੇ ਤਿਲੰਗਾਨਾ ਸਮੇਤ ਸੱਤ ਸੂਬਿਆਂ ਨੂੰ ਸਿਖਰਲਾ ਸਥਾਨ ਮਿਲਿਆ ਹੈ।
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਅੱਜ ਜਾਰੀ ਰਿਪੋਰਟ ’ਚ ਗੁਜਰਾਤ, ਕਰਨਾਟਕ ਅਤੇ ਤਾਮਿਲ ਨਾਡੂ ਦੇ ਨਾਮ ਵੀ ਸ਼ਾਮਲ ਹਨ।
ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਉੜੀਸਾ ਅਤੇ ਮੱਧ ਪ੍ਰਦੇਸ਼ ਹੋਰ ਸੂਬੇ ਹਨ ਜਿਨ੍ਹਾਂ ਨੂੰ ਰੈਂਕਿੰਗ ’ਚ ਟੀਚਾ ਹਾਸਲ ਕਰਨ ਵਾਲੇ ਸਫ਼ਲ ਸੂਬਿਆਂ ਦੀ ਸ਼੍ਰੇਣੀ ’ਚ ਰੱਖਿਆ ਗਿਆ ਹੈ। ਨਿਵੇਸ਼ਕਾਂ ਦਾ ਭਰੋਸਾ ਕਾਇਮ ਕਰਨ ਲਈ ਇਹ ਰਿਪੋਰਟ ਤਿਆਰ ਕੀਤੀ ਗਈ ਹੈ। ਖਾਹਿਸ਼ਾਂ ਵਾਲੇ ਵਰਗ ’ਚ ਵੀ ਸੱਤ ਸੂਬੇ ਹਨ ਜਿਨ੍ਹਾਂ ’ਚ ਆਸਾਮ, ਕੇਰਲਾ, ਗੋਆ, ਛੱਤੀਸਗੜ੍ਹ, ਝਾਰਖੰਡ, ਰਾਜਸਥਾਨ ਅਤੇ ਪੱਛਮੀ ਬੰਗਾਲ ਸ਼ਾਮਲ ਹਨ। ਰਿਪੋਰਟ ਮੁਤਾਬਕ ਉਭਰਦੇ ਕਾਰੋਬਾਰੀ ਈਕੋ ਸਿਸਟਮ ਦੇ ਵਰਗ ’ਚ ਦਿੱਲੀ, ਪੁੱਡੂਚੇਰੀ ਅਤੇ ਤ੍ਰਿਪੁਰਾ ਸਮੇਤ 11 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਰੱਖਿਆ ਗਿਆ ਹੈ। ਇਸ ਵਰਗ ’ਚ ਅੰਡੇਮਾਨ ਤੇ ਨਿਕੋਬਾਰ, ਬਿਹਾਰ, ਚੰਡੀਗੜ੍ਹ, ਦਮਨ ਤੇ ਦੀਵ, ਦਾਦਰਾ ਤੇ ਨਗਰ ਹਵੇਲੀ, ਜੰਮੂ ਕਸ਼ਮੀਰ, ਮਨੀਪੁਰ, ਮੇਘਾਲਿਆ, ਨਾਗਾਲੈਂਡ ਅਤੇ ਤ੍ਰਿਪੁਰਾ ਸ਼ਾਮਲ ਹਨ। ਸਨਅਤਾਂ ਅਤੇ ਅੰਦਰੂਨੀ ਵਪਾਰ ਦੀ ਤਰੱਕੀ ਬਾਰੇ ਵਿਭਾਗ ਦੇ ਸਕੱਤਰ ਅਨੁਰਾਗ ਜੈਨ ਨੇ ਕਿਹਾ ਕਿ ਵੱਖ ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਫਰਕ ਇੰਨਾ ਘੱਟ ਸੀ ਕਿ ਉਨ੍ਹਾਂ ਨੂੰ ਰੈਂਕਿੰਗ ਦੇਣਾ ਠੀਕ ਨਹੀਂ ਸੀ। ਇਸ ਕਾਰਨ ਉਨ੍ਹਾਂ ਨੂੰ ਵੱਖ ਵੱਖ ਵਰਗਾਂ ਤਹਿਤ ਰੱਖਿਆ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ 1991 ਤੋਂ ਸੁਧਾਰਾਂ ਦੇ ਸਰੂਪ ’ਚ ਬਦਲਾਅ ਆਇਆ ਸੀ ਅਤੇ ਹੁਣ ਹੋ ਰਹੇ ਸੁਧਾਰ ਕ੍ਰਿਆਸ਼ੀਲ ਹਨ। ਉਨ੍ਹਾਂ ਮਾਲੀਆ ਵਿਭਾਗ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਵੱਲੋਂ ਸੂਬਿਆਂ ਨਾਲ ਤਾਲਮੇਲ ਬਣਾਉਣ ਕਰਕੇ ਜੀਐੱਸਟੀ ਉਗਰਾਹੀ ’ਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਲੋਕ ਭਾਵੇਂ ਵਧੇਰੇ ਟੈਕਸ ਅਦਾ ਕਰ ਰਹੇ ਹਨ ਪਰ ਖਾਮੀਆਂ ’ਚ ਸੁਧਾਰ ਨਾਲ ਵੀ ਇਸ ਦਾ ਲਾਭ ਮਿਲਿਆ ਹੈ। ਵਣਜ ਅਤੇ ਸਨਅਤਾਂ ਬਾਰੇ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਕਿ ਰੈਂਕਿੰਗ ਦੇਣ ਦਾ ਮਕਸਦ ਸੂਬਿਆਂ ਨੂੰ ਇਕ-ਦੂਜੇ ਤੋਂ ਸਿੱਖਣ ਲਈ ਜੋਸ਼ ਭਰਨਾ ਹੈ ਤਾਂ ਜੋ ਦੇਸ਼ ’ਚ ਵਪਾਰ ਦਾ ਮਾਹੌਲ ਸੁਧਰ ਸਕੇ। -ਪੀਟੀਆਈ
ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ ਦੀ ਸਥਿਤੀ ਹੋਰਨਾਂ ਕਰੰਸੀਆਂ ਨਾਲੋਂ ਬਿਹਤਰ: ਸੀਤਾਰਾਮਨ
ਨਵੀਂ ਦਿੱਲੀ: ਡਾਲਰ ਦੇ ਮੁਕਾਬਲੇ ਰੁਪਏ ਦੀ ਡਿੱਗਦੀ ਹੋਈ ਕੀਮਤ ਬਾਰੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਭਾਰਤੀ ਕਰੰਸੀ ਦੀ ਸਥਿਤੀ ਵਿਸ਼ਵ ਪੱਧਰ ਦੀਆਂ ਕਰੰਸੀਆਂ ਦੇ ਮੁਕਾਬਲੇ ਬਿਹਤਰ ਹੈ। ਜ਼ਿਕਰਯੋਗ ਹੈ ਕਿ ਰੂਸ-ਯੂਕਰੇਨ ਜੰਗ ਕਾਰਨ ਪੈਦਾ ਹੋਏ ਅਸਥਿਰਤਾ ਦੇ ਮਾਹੌਲ, ਵਿਸ਼ਵ ਪੱਧਰ ’ਤੇ ਕੱਚੇ ਤੇਲ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਅਤੇ ਕੇਂਦਰੀ ਬੈਂਕਾਂ ਵੱਲੋਂ ਅਪਣਾਈਆਂ ਜਾਂਦੀਆਂ ਵਿੱਤੀ ਯੋਜਨਾਵਾਂ ਕਾਰਨ ਕਈ ਦੇਸ਼ਾਂ ਦੀਆਂ ਕਰੰਸੀਆਂ ਦੀ ਕੀਮਤ ਡਾਲਰ ਦੇ ਮੁਕਾਬਲੇ ਘਟੀ ਹੈ। ਇਸ ਸਬੰਧ ਵਿੱਚ ਸੀਤਾਰਮਨ ਨੇ ਕਿਹਾ ਕਿ ਭਾਰਤੀ ਕਰੰਸੀ ਦੀ ਸਥਿਤੀ ਬਿਹਤਰ ਹੈ। ਦੱਸਣਯੋਗ ਹੈ ਕਿ ਬੁੱਧਵਾਰ ਨੂੰ ਪਹਿਲੀ ਵਾਰ ਅਜਿਹਾ ਹੋਇਆ ਸੀ ਕਿ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ 79 ਰੁਪਏ ਤੋਂ ਵਧ ਦਰਜ ਕੀਤੀ ਗਈ ਸੀ। ਇਸੇ ਦੌਰਾਨ ਵੀਰਵਾਰ ਨੂੰ ਭਾਰਤੀ ਕਰੰਸੀ ਵਿੱਚ 13 ਪੈਸਿਆਂ ਦਾ ਸੁਧਾਰ ਹੋਇਆ ਹੈ ਤੇ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ 78.90 ਰੁਪਏ ਹੋ ਗਈ ਹੈ। ਫਰਵਰੀ ਮਹੀਨੇ ਵਿੱਚ ਜਦੋਂ ਰੂਸ ਤੇ ਯੂਕਰੇਨ ਵਿੱਚ ਜੰਗ ਛਿੜੀ ਸੀ ਤਾਂ ਰਿਜ਼ਰਵ ਬੈਂਕ ਨੇ ਭਾਰਤੀ ਕਰੰਸੀ ਦੀ ਕੀਮਤ ਨੂੰ ਵਿਸ਼ਵ ਪੱਧਰ ਇਕਦਮ ਹੇਠਾਂ ਜਾਣ ਤੋਂ ਬਚਾਉਣ ਲਈ ਕਈ ਕਦਮ ਚੁੱਕੇ ਸਨ। ਬੀਤੇ ਹਫਤੇ ਰਿਜ਼ਰਵ ਬੈਂਕ ਦੇ ਡਿਪਟੀ ਗਵਨਰ ਮਾਈਕਲ ਡੀ. ਪਾਤਰਾ ਨੇ ਰੁਪਏ ਦੀ ਕੀਮਤ ਵਿੱਚ ਸਥਿਰਤਾ ਲਿਆਉਣ ਲਈ ਵਚਨਬੱਧਤਾ ਪ੍ਰਗਟਾਈ ਸੀ ਤੇ ਇਸ ਸਬੰਧ ਵਿੱਚ ਕਈ ਕਦਮ ਚੁੱਕੇ ਵੀ ਜਾ ਰਹੇ ਹਨ। -ਪੀਟੀਆਈ