ਨਵੀਂ ਦਿੱਲੀ, 25 ਜਨਵਰੀ
ਭਾਰਤ ਵੱਲੋਂ ਅੱਜ ਦੇਸ਼ ਦੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰਾਂ ਪਦਮ ਵਿਭੂਸ਼ਨ, ਪਦਮ ਭੂਸ਼ਨ ਤੇ ਪਦਮਸ੍ਰੀ (ਕੁੱਲ 119) ਦਾ ਐਲਾਨ ਕੀਤਾ ਹੈ। ਇਨ੍ਹਾਂ ’ਚੋਂ 7 ਹਸਤੀਆਂ ਨੂੰ ਪਦਮ ਵਿਭੂਸ਼ਨ, 10 ਨੂੰ ਪਦਮ ਭੂਸ਼ਨ ਅਤੇ 102 ਹਸਤੀਆਂ ਨੂੰ ਪਦਮਸ੍ਰੀ ਪੁਰਸਕਾਰ ਨਾਲ ਸਨਮਾਨਿਆ ਗਿਆ ਹੈ।
ਭਾਰਤ ਸਰਕਾਰ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਐਬੇ ਅਤੇ ਮਰਹੂਮ ਪਿੱਠਵਰਤੀ ਗਾਇਕ ਐੱਸਪੀ ਬਾਲਾ ਸੁਬਰਾਮਨੀਅਮ (ਮਰਨ ਉਪਰੰਤ) ਨੂੰ ਪਦਮ ਵਿਭੂਸ਼ਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਕਰਨਾਟਕ ਤੋਂ ਡਾ. ਬੈਲੇ ਮੋਨੰਪਾ ਹੇਗੜੇ, ਅਮਰੀਕਾ ਤੋਂ ਨਰਿੰਦਰ ਸਿੰਘ ਕਪਾਨੀ (ਮਰਨ ਉਪਰੰਤ), ਦਿੱਲੀ ਤੋਂ ਮੌਲਾਨਾ ਵਾਹਿਦੂਦੀਨ ਖਾਨ, ਦਿੱਲੀ ਤੋਂ ਬੀ.ਬੀ. ਲਾਲ ਅਤੇ ਉੜੀਸਾ ਤੋਂ ਸੁਦਰਸ਼ਨ ਸਾਹੋ ਨੂੰ ਵੀ ਪਦਮ ਵਿਭੂਸ਼ਨ ਪੁਰਸਕਾਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਭਾਰਤ ਸਰਕਾਰ ਨੇ ਕੇਰਲਾ ਦੇ ਕ੍ਰਿਸ਼ਨਨ ਨਾਇਰ ਸ਼ਾਂਤਾਕੁਮਾਰੀ ਚਿੱਤਰਾ, ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ (ਮਰਨ ਉਪਰੰਤ), ਕਰਨਾਟਕ ਦੇ ਕਵੀ ਚੰਦਰਸ਼ੇਖਰ ਕਾਂਬਰਾ, ਸਾਬਕਾ ਸੰਸਦ ਮੈਂਬਰ ਸੁਮਿੱਤਰਾ ਮਹਾਜਨ, ਉੱਤਰ ਪ੍ਰਦੇਸ਼ ਤੋਂ ਨ੍ਰਿਪੇਂਦਰ ਮਿਸ਼ਰਾ, ਬਿਹਾਰ ਤੋਂ ਸੰਸਦ ਮੈਂਬਰ ਰਾਮ ਵਿਲਾਸ ਪਾਸਵਾਨ (ਮਰਨ ਉਪਰੰਤ), ਗੁਰਜਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ (ਮਰਨ ਉਪਰੰਤ), ਉੱਤਰ ਪ੍ਰਦੇਸ਼ ਦੇ ਕਾਲਬੇ ਸਾਦਿਕ (ਮਰਨ ਉਪਰੰਤ), ਮਹਾਰਾਸ਼ਟਰ ਦੇ ਰਜਨੀਕਾਂਤ ਦੇਵੀਦਾਸ ਸ਼ਰਾਫ ਅਤੇ ਹਰਿਆਣਾ ਤੋਂ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਸਮੇਤ 10 ਹਸਤੀਆਂ ਨੂੰ ਪਦਮ ਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸੇ ਤਰ੍ਹਾਂ ਭਾਰਤ ਸਰਕਾਰ ਨੇ 102 ਹਸਤੀਆਂ ਨੂੰ ਪਦਮਸ੍ਰੀ ਪੁਰਸਕਾਰ ਦਿੱਤਾ ਗਿਆ ਹੈ। ਇਨ੍ਹਾਂ ’ਚੋਂ ਪੰਜਾਬ ਦੀਆਂ ਪੰਜ ਹਸਤੀਆਂ ਨੂੰ ਪਦਮਸ੍ਰੀ ਨਾਲ ਸਨਮਾਨਿਆ ਗਿਆ ਹੈ। ਇਨ੍ਹਾਂ ’ਚ ਰਜਨੀ ਬੈਕਟਰ, ਪ੍ਰਕਾਸ਼ ਕੌਰ, ਲਾਜਵੰਤੀ, ਕਰਤਾਰ ਸਿੰਘ ਤੇ ਡਾ. ਰਤਨ ਲਾਲ ਮਿੱਤਲ ਸ਼ਾਮਲ ਹਨ। ਇਸੇ ਤਰ੍ਹਾਂ ਨੀਮ ਫੌਜੀ ਬਲਾਂ ’ਚੋਂ ਸੀਆਰਪੀਐੱਫ ਨੂੰ ਕੀਰਤੀ ਚੱਕਰਾਂ ਸਮੇਤ 73 ਬਹਾਦੁਰੀ ਪੁਰਸਕਾਰ ਦਿੱਤੇ ਗਏ ਹਨ।
-ਪੀਟੀਆਈ