ਇੰਫਾਲ/ਕੋਲਕਾਤਾ, 13 ਨਵੰਬਰ
ਦਹਿਸ਼ਤਗਰਦਾਂ ਵੱਲੋਂ ਸਰਹੱਦੀ ਸੂਬੇ ਮਨੀਪੁਰ ਵਿੱਚ ਅੱਜ ਇਕ ਕਾਫ਼ਲੇ ’ਤੇ ਘਾਤ ਲਗਾ ਕੇ ਕੀਤੇ ਹਮਲੇ ਵਿੱਚ 46 ਅਸਾਮ ਰਾਈਫਲਜ਼ ਦੀ ਖੁਗਾ ਬਟਾਲੀਅਨ ਦੇ ਕਮਾਂਡਿੰਗ ਅਧਿਕਾਰੀ ਕਰਨਲ ਵਿਪਲਵ ਤ੍ਰਿਪਾਠੀ, ਉਸ ਦੀ ਪਤਨੀ ਤੇ ਪੁੱਤਰ ਅਤੇ ਨੀਮ ਫੌਜੀ ਬਲ ਦੇ ਚਾਰ ਹੋਰ ਜਵਾਨ ਮਾਰੇ ਗਏ। ਵੱਖਰੇ ਰਾਜ ਦੀ ਮੰਗ ਕਰ ਰਹੇ ਮਨੀਪੁਰ ਨਾਲ ਸਬੰਧਤ ਦਹਿਸ਼ਤੀ ਗਰੁੱਪ ਪੀਪਲਜ਼ ਰੈਵੋਲਿਊਸ਼ਨਰੀ ਪਾਰਟੀ ਆਫ਼ ਕਾਂਗਲੇਪਾਕ (ਪ੍ਰੀਪਾਕ) ਦੇ ਮਸ਼ਕੂਕ ਦਹਿਸ਼ਤਗਰਦਾਂ ਨੇ ਚੁਰਾਚਾਂਦਪੁਰ ਜ਼ਿਲ੍ਹੇ ਦੇ ਸੇਖਾਂ ਪਿੰਡ ਵਿੱਚ ਤ੍ਰਿਪਾਠੀ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ।
ਪਹਾੜ ਦੀ ਚੋਟੀ ’ਤੇ ਘਾਤ ਲਾ ਕੇ ਬੈਠੇ ਦਹਿਸ਼ਤਗਰਦਾਂ ਨੇ ਕਾਫ਼ਲੇ ਦਾ ਰਾਹ ਡੱਕਣ ਲਈ ਪਹਿਲਾਂ ਬਾਰੂਦੀ ਸੁਰੰਗ ਨਾਲ ਧਮਾਕਾ ਕੀਤਾ ਤੇ ਮਗਰੋਂ ਸੁਰੱਖਿਆ ਬਲਾਂ ’ਤੇ ਅੰਨ੍ਹੇਵਾਹ ਗੋਲੀਆਂ ਵਰ੍ਹਾਈਆਂ। ਸੁਰੱਖਿਆ ਬਲਾਂ ਨੇ ਰੁੱਖਾਂ ਤੇ ਵੱਡੀਆਂ ਚੱਟਾਨਾਂ ਪਿੱਛੇ ਲੁਕ ਕੇ ਗੋਲੀਬਾਰੀ ਦਾ ਜਵਾਬ ਦਿੱਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਹਮਲੇ ਨੂੰ ਦਹਿਸ਼ਤਗਰਦਾਂ ਦੀ ਕਾਇਰਾਨਾ ਕਾਰਵਾਈ ਕਰਾਰ ਦਿੰਦਿਆਂ ਇਸ ਘਟਨਾ ਨੂੰ ਦੁਖਦਾਈ ਦੱਸਿਆ ਤੇ ਇਸ ਦੀ ਨਿਖੇਧੀ ਕੀਤੀ। ਉਨ੍ਹਾਂ ਪੀੜਤ ਪਰਿਵਾਰਾਂ ਨੂੰ ਨਿਆਂ ਦਿਵਾਉਣ ਦਾ ਦਾਅਵਾ ਕੀਤਾ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹਮਲੇ ਨੂੰ ਦਹਿਸ਼ਤਗਰਦਾਂ ਦੀ ‘ਬੁਜ਼ਦਿਲਾਨਾ’ ਕਾਰਵਾਈ ਦੱਸਿਆ ਹੈ। ਅਸਾਮ ਰਾਈਫਲਜ਼ ਸਭ ਤੋਂ ਪੁਰਾਣਾ ਨੀਮ ਫੌਜੀ ਬਲ ਹੈ, ਜੋ 1835 ਤੋਂ ਬਰਤਾਨਵੀ ਰਾਜ ਤੋਂ ਚੱਲਿਆ ਆ ਰਿਹਾ ਹੈ। ਇਸ ਦਾ ਪ੍ਰਸ਼ਾਸਨਿਕ ਅਧਿਕਾਰ ਖੇਤਰ ਗ੍ਰਹਿ ਮੰਤਰਾਲੇ ਅਧੀਨ ਆਉਂਦਾ ਹੈ, ਪਰ ਇਸ ਦਾ ਅਪਰੇਸ਼ਨਲ ਕੰਟਰੋਲ ਭਾਰਤੀ ਥਲ ਸੈਨਾ ਕੋਲ ਹੈ। ਅਸਾਮ ਰਾਈਫ਼ਲਜ਼ ਨੇ ਇਕ ਬਿਆਨ ਵਿੱਚ ਕਿਹਾ, ‘‘ਧਮਾਕੇ ਮਗਰੋਂ ਦਹਿਸ਼ਤਗਰਦਾਂ ਵੱਲੋਂ ਕੀਤੀ ਫਾਇਰਿੰਗ ਵਿੱਚ ਕਮਾਂਡਿੰਗ ਅਧਿਕਾਰੀ ਤੇ ਕੁਇਕ ਰਿਸਪੌਂਸ ਟੀਮ ਦੇ ਤਿੰਨ ਮੈਂਬਰਾਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ।
ਕਮਾਂਡਿੰਗ ਅਧਿਕਾਰੀ ਦੇ ਪਰਿਵਾਰ (ਪਤਨੀ ਤੇ 6 ਸਾਲਾ ਪੁੱਤਰ) ਦੀ ਵੀ ਜਾਨ ਜਾਂਦੀ ਰਹੀ। ਹੋਰਨਾਂ ਜ਼ਖ਼ਮੀਆਂ ਨੂੰ ਬੇਹੀਆਂਗਾ ਸਿਹਤ ਕੇਂਦਰ ’ਚ ਦਾਖ਼ਲ ਕੀਤਾ ਗਿਆ ਹੈ।’’ ਅਸਾਮ ਰਾਈਫਲਜ਼ ਨੇ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਸ ਹਮਲੇ ਪਿੱਛੇ ਪ੍ਰੀਪਾਕ ਕੇਡਰ ਦੇ ਦਹਿਸ਼ਤਗਰਦਾਂ ਦਾ ਹੱਥ ਹੈ ਕਿਉਂਕਿ ਦਹਿਸ਼ਤੀ ਸਮੂਹ 12/13 ਨਵੰਬਰ ਨੂੰ ਆਪਣਾ ਯਾਦਗਾਰੀ ਦਿਹਾੜਾ ਮਨਾਉਂਦਾ ਹੈ। ਉਧਰ ਹਮਲੇ ਵਿੱਚ ਮਾਰਿਆ ਗਿਆ ਕਰਨਲ ਵਿਪਲਵ ਮਿਜ਼ੋਰਮ ਦੇ ਸਥਾਨਕ ਲੋਕਾਂ ਨਾਲ ਨੇੜਿਓਂ ਜੁੜਿਆ ਦੱਸਿਆ ਜਾਂਦਾ ਹੈ। ਉਸ ਦੀ ਬਟਾਲੀਅਨ ਨੇ ਇਸ ਸਾਲ ਜਨਵਰੀ ਵਿੱਚ ਨਸ਼ਿਆਂ ਵਿਰੋਧੀ ਮੁਹਿੰਮ ਚਲਾਈ ਸੀ। ਉਨ੍ਹਾਂ ਸੂਬੇ ਦੇ ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਜਾ ਕੇ ਨੌਜਵਾਨਾਂ ਨੂੰ ਸਹੀ ਦਿਸ਼ਾ ਵਿਖਾਈ। ਮਿਜ਼ੋਰਮ ’ਚ ਉਨ੍ਹਾਂ ਦੇ ਕਾਰਜਕਾਲ ਦੌਰਾਨ ਕੌਮਾਂਤਰੀ ਸਰਹੱਦ ਰਸਤੇ ’ਤੇ ਹੁੰਦੀ ਤਸਕਰੀ ਨੂੰ ਵੀ ਨੱਥ ਪਈ। -ਪੀਟੀਆਈ
ਦੋ ਦਹਿਸ਼ਤੀ ਜਥੇਬੰਦੀਆਂ ਨੇ ਲਈ ਹਮਲੇ ਦੀ ਜ਼ਿੰਮੇਵਾਰੀ
ਇੰਫਾਲ: ਦੋ ਪਾਬੰਦੀਸ਼ੁਦਾ ਦਹਿਸ਼ਤੀ ਜਥੇਬੰਦੀਆਂ ਪੀਪਲਜ਼ ਲਬਿਰੇਸ਼ਨ ਆਰਮੀ (ਪੀਐੱਲਏ) ਤੇ ਮਨੀਪੁਰ ਨਾਗਾ ਪੀਪਲਜ਼ ਫਰੰਟ (ਐੱਮਐੱਨਪੀਐੱਫ) ਨੇ ਮਨੀਪੁਰ ਵਿੱਚ ਅਸਾਮ ਰਾਈਫਲਜ਼ ਦੀ ਟੀਮ ’ਤੇ ਘਾਤ ਲਗਾ ਕੇ ਕੀਤੇ ਗਏ ਹਮਲੇ ਦੀ ਜ਼ਿੰਮੇਵਾਰੀ ਲੈ ਲਈ ਹੈ। ਦੋਵਾਂ ਜਥੇਬੰਦੀਆਂ ਨੇ ਇਕ ਸਾਂਝੇ ਬਿਆਨ ਵਿੱਚ ਦਾਅਵਾ ਕੀਤਾ ਕਿ ਚੁਰਾਚਾਂਦਪੁਰ ਜ਼ਿਲ੍ਹੇ ਦੇ ਸੇਖਾਂ ਪਿੰਡ ਵਿੱਚ ਨੀਮ ਫੌਜੀ ਬਲਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲੇ ਪਿੱਛੇ ਉਨ੍ਹਾਂ ਦਾ ਹੱਥ ਹੈ। -ਪੀਟੀਆਈ
ਪ੍ਰਧਾਨ ਮੰਤਰੀ ਮੋਦੀ ਵੱਲੋ ਹਮਲੇ ਦੀ ਨਿਖੇਧੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮਲੇ ਦੀ ਸ਼ਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਬਲਿਦਾਨ ਨੂੰ ਭੁੱਲਿਆ ਨਹੀਂ ਜਾਵੇਗਾ। ਸ੍ਰੀ ਮੋਦੀ ਨੇ ਟਵੀਟ ਕੀਤਾ, ‘‘ਮਨੀਪੁਰ ਵਿੱਚ ਅਸਾਮ ਰਾਈਫ਼ਲਜ਼ ਦੇ ਕਾਫ਼ਲੇ ’ਤੇ ਹਮਲੇ ਦੀ ਜ਼ੋਰਦਾਰ ਨਿਖੇਧੀ ਕਰਦਾ ਹਾਂ। ਮੈਨੂੰ ਅੱਜ ਸ਼ਹੀਦ ਹੋਏ ਫੌਜੀਆਂ ਤੇ ਪਰਿਵਾਰਕ ਮੈਂਬਰਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ। ਉਨ੍ਹਾਂ ਦਾ ਇਹ ਬਲਿਦਾਨ ਨਹੀਂ ਭੁੱਲ ਸਕਾਂਗੇ।’’ -ਪੀਟੀਆਈ
ਮੋਦੀ ਸਰਕਾਰ ਦੀ ਨਾਕਾਮੀ ਿਫਰ ਸਾਹਮਣੇ ਆਈ: ਰਾਹੁਲ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਇਸ ਘਟਨਾ ਨੇ ‘ਇਕ ਵਾਰ ਫਿਰ ਸਾਬਤ’ ਕਰ ਦਿੱਤਾ ਹੈ ਕਿ ਮੋਦੀ ਸਰਕਾਰ ਦੇਸ਼ ਦੀ ਸੁਰੱਖਿਆ ਕਰਨ ’ਚ ਪੂਰੀ ਤਰ੍ਹਾਂ ਅਸਮਰੱਥ ਹੈ। ਗਾਂਧੀ ਨੇ ਪੀੜਤ ਪਰਿਵਾਰਾਂ ਨੂੰ ਸੁਨੇੇਹੇ ਭੇਜੇ ਕੇ ਦੁਖ ਦਾ ਇਜ਼ਹਾਰ ਵੀ ਕੀਤਾ। ਉਨ੍ਹਾਂ ਟਵੀਟ ’ਚ ਕਿਹਾ ਕਿ ਦੇਸ਼ ਉਨ੍ਹਾਂ ਦੇ ਇਸ ਬਲਿਦਾਨ ਨੂੰ ਯਾਦ ਰੱਖੇਗਾ। ਅਸ਼ੋਕ ਗਹਿਲੋਤ ਤੇ ਜੈਰਾਮ ਰਮੇਸ਼ ਨੇ ਵੀ ਹਮਲੇ ਦੀ ਨਿਖੇਧੀ ਕੀਤੀ ਹੈ। -ਪੀਟੀਆਈ