ਨਵੀਂ ਦਿੱਲੀ, 10 ਸਤੰਬਰ
ਭਾਰਤ ਦੇ ਸੀਰਮ ਇੰਸਟੀਚਿਊਟ (ਐੱਸਆਈਆਈ) ਨੇ ਆਕਸਫੋਰਡ ਯੂਨੀਵਰਸਿਟੀ ਵੱਲੋਂ ਵਿਕਸਤ ਕਰੋਨਾਵਾਇਰਸ ਵੈਕਸੀਨ ਦੇ ਭਾਰਤ ਵਿੱਚ ਕੀਤੇ ਜਾ ਰਹੇ ਕਲੀਨਿਕਲ ਟਰਾਇਲਾਂ ’ਤੇ ਰੋਕ ਲਾ ਦਿੱਤੀ ਹੈ। ਭਾਰਤ ਵਿੱਚ ਵੈਕਸੀਨ ਦਾ ਟਰਾਇਲ ਸੀਰਮ ਇੰਸਟੀਚਿਊਟ ਵੱਲੋਂ ਹੀ ਕਰਵਾਇਆ ਜਾ ਰਿਹਾ ਸੀ। ਕੋਵੀਸ਼ੀਲਡ ਨਾਂ ਦੀ ਇਹ ਵੈਕਸੀਨ ਆਕਸਫੋਰਡ ਯੂਨੀਵਰਸਿਟੀ ਤੇ ਬਰਤਾਨਵੀ ਫਾਰਮਾ ਜਾਇੰਟ ਐਸਟਰਾਜ਼ੈਨੇਕਾ ਨੇ ਮਿਲ ਕੇ ਵਿਕਸਤ ਕੀਤੀ ਹੈ। ਭਾਰਤੀ ਸੀਰਮ ਇੰਸਟੀਚਿਊਟ ਨੇ ਇਕ ਬਿਆਨ ਵਿੱਚ ਕਿਹਾ, ‘ਅਸੀਂ ਹਾਲਾਤ ’ਤੇ ਨਜ਼ਰਸਾਨੀ ਕਰ ਰਹੇ ਹਾਂ ਤੇ ਐਸਟਰਾਜ਼ੈਨੇਕਾ ਵੱਲੋਂ ਮੁੜ ਟਰਾਇਲ ਸ਼ੁਰੂ ਕੀਤੇ ਜਾਣ ਤਕ ਭਾਰਤ ਵਿੱਚ ਕੀਤੇ ਜਾਣ ਵਾਲੇ ਟਰਾਇਲਾਂ ’ਤੇ ਰੋਕ ਲਾ ਦਿੱਤੀ ਹੈ। ਅਸੀਂ ਭਾਰਤੀ ਡਰੱਗ ਕੰਟਰੋਲਰ ਜਨਰਲ (ਡੀਸੀਜੀਆਈ) ਦੀਆਂ ਹਦਾਇਤਾਂ ਦੀ ਹੀ ਪਾਲਣਾ ਕਰ ਰਹੇ ਹਾਂ ਤੇ ਹਾਲ ਦੀ ਘੜੀ ਹੋਰ ਕੋਈ ਜਾਣਕਾਰੀ ਦੇਣ ਤੋਂ ਅਸਮਰੱਥ ਹਾਂ।’ ਪੁਣੇ ਆਧਾਰਿਤ ਵੈਕਸੀਨ ਨਿਰਮਾਤਾ ਨੇ ਇਹ ਐਲਾਨ ਅਜਿਹੇ ਮੌਕੇ ਕੀਤਾ ਜਦੋਂ ਅਜੇ ਇਕ ਦਿਨ ਪਹਿਲਾਂ ਡੀਸੀਜੀਆਈ ਵੀ.ਜੀ.ਸੋਮਾਨੀ ਨੇ ਸੀਰਮ ਇੰਸਟੀਚਿਊਟ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕਰਦਿਆਂ ਜਵਾਬ ਮੰਗਿਆ ਹੈ ਕਿ ਮਰੀਜ਼ ਦੀ ਸੁਰੱਖਿਆ ਸਬੰਧੀ ਖ਼ਦਸ਼ਿਆਂ ਬਾਰੇ ਕੋਈ ਸਪੱਸ਼ਟਤਾ ਨਾ ਹੋਣ ਦੇ ਬਾਵਜੂਦ ਸੰਸਥਾ ਨੇ ਕੋਵਿਡ-19 ਵੈਕਸੀਨ ਦਾ ਉਮੀਦਵਾਰਾਂ ’ਤੇ ਕਲੀਨਿਕਲ ਟਰਾਇਲ ਕਰਨ ਦਾ ਫੈਸਲਾ ਕਿਉਂ ਕੀਤਾ। ਡੀਸੀਜੀਆਈ ਨੇ ਸੀਰਮ ਇੰਸਟੀਚਿਊਟ ਨੂੰ ਇਹ ਨੋਟਿਸ ਯੂਕੇ ਵਿੱਚ ਵਾਪਰੀ ਉਸ ਘਟਨਾ ਦੇ ਸੰਦਰਭ ਵਿੱਚ ਕੀਤਾ ਹੈ ਜਿਸ ਵਿੱਚ ਇਕ ਮਰੀਜ਼ ਨੂੰ ਕੋਵੀਸ਼ੀਲਡ ਦੀ ਬੂਸਟਰ ਡੋਜ਼ ਦੇਣ ਮਗਰੋਂ ਉਸ ਵਿੱਚ ਗੰਭੀਰ ਵਿਪਰੀਤ ਅਸਰ ਨਜ਼ਰ ਆਇਆ ਹੈ। -ਆਈਏਐੱਨਐੱਸ
‘ਟਰਾਇਲ ਮੁੜ ਸ਼ੁਰੂ ਹੋਏ ਤਾਂ ਸਾਲ ਦੇ ਅੰਤ ਤਕ ਵੈਕਸੀਨ ਦੀ ਕਾਰਗਰਤਾ ਪਤਾ ਲੱਗ ਜਾਵੇਗੀ’
ਲੰਡਨ: ਬਰਤਾਨਵੀ ਡਰੱਗ ਨਿਰਮਾਤਾ ਕੰਪਨੀ ਐਸਟਰਾਜ਼ੈਨੇਕਾ ਦੇ ਮੁੱਖ ਕਾਰਜਕਾਰੀ ਪਾਸਕਲ ਸੋਰਾਇਟ ਨੇ ਕਿਹਾ ਕਿ ਜੇਕਰ ਉਨ੍ਹਾਂ ਵੱਲੋਂ ਤਿਆਰ ਵੈਕਸੀਨ ਦੇ ਬੰਦ ਪਏ ਟਰਾਇਲ ਮੁੜ ਸ਼ੁਰੂ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਇਸ ਸਾਲ ਦੇ ਅੰਤ ਤਕ ਇਹ ਇਲਮ ਹੋ ਜਾਵੇਗਾ ਕਿ ਉਨ੍ਹਾਂ ਦੀ ਵੈਕਸੀਨ ਕੋਵਿਡ-19 ਪੀੜਤ ਲੋਕਾਂ ਦੀ ਸੁਰੱਖਿਆ ਲਈ ਕਾਰਗਰ ਹੈ ਜਾਂ ਨਹੀਂ। ਇਕ ਮਰੀਜ਼ ’ਤੇ ਵੈਕਸੀਨ ਦਾ ਉਲਟ ਅਸਰ ਨਜ਼ਰ ਆਉਣ ਮਗਰੋਂ ਇਸ ਹਫ਼ਤੇ ਟਰਾਇਲਾਂ ’ਤੇ ਰੋਕ ਲਾ ਦਿੱਤੀ ਗਈ ਸੀ। -ਰਾਇਟਰਜ਼
ਭਾਰਤ ਵਿੱਚ ਰਿਕਾਰਡ 95,735 ਕੇਸ
ਨਵੀਂ ਦਿੱਲੀ: ਅੱਜ ਮੁਲਕ ਵਿੱਚ ਕੋਵਿਡ- 19 ਦੇ ਇੱਕ ਦਿਨ ’ਚ 95,735 ਕੇਸ ਸਾਹਮਣੇ ਆਏ ਜਦਕਿ 1,172 ਮਰੀਜ਼ਾਂ ਦੀ ਮੌਤ ਹੋ ਗਈ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਮੁਲਕ ਵਿੱਚ ਕੋਵਿਡ- 19 ਦੇ ਕੁੱਲ ਕੇਸਾਂ ਦੀ ਗਿਣਤੀ 44 ਲੱਖ ਹੋ ਗਈ ਹੈ ਜਦਕਿ ਮੌਤਾਂ ਦੀ ਗਿਣਤੀ 75,062 ਹੋ ਗਈ ਹੈ। ਇਸ ਦੌਰਾਨ ਇਸ ਮਹਾਮਾਰੀ ਤੋਂ ਉਭਰਨ ਵਾਲੇ ਮਰੀਜ਼ਾਂ ਦੀ ਗਿਣਤੀ 34,71,783 ਹੋ ਗਈ ਹੈ। ਭਾਰਤ ਵਿੱਚ ਅੱਜ ਕੋਵਿਡ- 19 ਦੇ ਕੁੱਲ ਕੇਸਾਂ ਦੀ ਗਿਣਤੀ 44,65,863 ਹੋ ਗਈ ਹੈ। ਮੌਤ ਦੀ ਦਰ ਘਟ ਕੇ 1 .68 ਫ਼ੀਸਦੀ ਜਦਕਿ ਰਿਕਵਰੀ ਦਰ 77.74 ਫ਼ੀਸਦੀ ਦਰਜ ਕੀਤੀ ਗਈ ਹੈ। ਇਸ ਸਮੇਂ ਭਾਰਤ ਵਿੱਚ 9,19,018 ਐਕਟਿਵ ਕੇਸ ਹਨ ਜੋ ਕਿ ਕੁੱਲ ਕੇਸਾਂ ਦਾ 20.58 ਫ਼ੀਸਦੀ ਬਣਦੇ ਹਨ। ਆਈਸੀਐੱਮਆਰ ਮੁਤਾਬਕ 9 ਸਤੰਬਰ ਤੱਕ 5,29,34,433 ਸੈਂਪਲਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਜਿਨ੍ਹਾਂ ’ਚੋਂ 11,29,756 ਪਾਜ਼ੇਟਿਵ ਮਿਲੇ ਹਨ। ਅੱਜ ਕੋਵਿਡ- 19 ਕਾਰਨ ਹੋਈਆਂ ਕੁੱਲ 1,172 ਮੌਤਾਂ ’ਚੋਂ ਮਹਾਰਾਸ਼ਟਰ ਵਿੱਚ 380, ਕਰਨਾਟਕ ਵਿੱਚ 128, ਆਂਧਰਾ ਪ੍ਰਦੇਸ਼ ਵਿੱਚ 74, ਪੰਜਾਬ ਵਿੱਚ 71, ਛੱਤੀਸਗੜ੍ਹ ਵਿੱਚ 70, ਤਾਮਿਲਨਾਡੂ ਤੇ ਉੱਤਰ ਪ੍ਰਦੇਸ਼ ਵਿੱਚ 65-65, ਪੱਛਮੀ ਬੰਗਾਲ ਵਿੱਚ 53 ਅਤੇ ਮੱਧ ਪ੍ਰਦੇਸ਼ ਵਿੱਚ 31 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਸ ਦੌਰਾਨ ਸਿਹਤ ਮੰਤਰਾਲੇ ਨੇ ਜ਼ੋਰ ਦਿੱਤਾ ਕਿ ਇਨ੍ਹਾਂ ’ਚੋਂ 70 ਫ਼ੀਸਦੀ ਤੋਂ ਵੱਧ ਮੌਤਾਂ ਇੱਕ ਤੋਂ ਵੱਧ ਬਿਮਾਰੀਆਂ ਨਾਲ ਪੀੜਤ ਹੋਣ ਕਾਰਨ ਹੋਈਆਂ ਹਨ। -ਪੀਟੀਆਈ
ਭਾਰਤ ਨੇ ਸਿਹਤ ਖੇਤਰ ਵਿੱਚ ਨਿਵੇਸ਼ ’ਚ ਵਾਧਾ ਯਕੀਨੀ ਬਣਾਇਆ: ਹਰਸ਼ਵਰਧਨ
ਨਵੀਂ ਦਿੱਲੀ: ਇਸ ਦੌਰਾਨ ਭਾਰਤ ਦੇ ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ ਹੈ ਕਿ ਭਾਰਤ ਨੇ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਮਹਾਮਾਰੀ ਲਈ ਨਜਿੱਠਣ ਲਈ ਤਿਆਰੀ ਵਜੋਂ ਸਿਹਤ ਅਤੇ ਐਮਰਜੈਂਸੀ ਖੇਤਰਾਂ ਵਿੱਚ ਨਿਵੇਸ਼ ਯਕੀਨੀ ਬਣਾਉਣ ਲਈ ਰਣਨੀਤੀਆਂ ਅਪਣਾਈਆਂ ਹਨ। ਉਨ੍ਹਾਂ ਇਹ ਬਿਆਨ ਵਿਸ਼ਵ ਸਿਹਤ ਸੰਗਠਨ ਦੇ ‘ਸਾਊਥ ਈਸਟ ਏਸ਼ੀਆ ਰਿਜਨ’ ਦੇ 73ਵੇਂ ਸੈਸ਼ਨ ਮੌਕੇ ਦਿੱਤਾ। ਇਸ ਤੋਂ ਪਹਿਲਾਂ ਉਨ੍ਹਾਂ ਕੋਵਿਡ- 19 ਦਾ ਟਾਕਰਾ ਕਰਨ ਲਈ ਚੁੱਕੇ ਗਏ ਤਿੰਨ ਅਹਿਮ ਕਦਮਾਂ ਤੇ ਭਾਰਤ ਵਿੱਚ ਨਾਨ-ਕੋਵਿਡ ਸਿਹਤ ਸੇਵਾਵਾਂ ਜਾਰੀ ਰੱਖਣ ਬਾਰੇ ਦੱਸਿਆ। -ਪੀਟੀਆਈ