ਸ੍ਰੀਨਗਰ, 2 ਸਤੰਬਰ
ਇੱਥੇ ਬਜ਼ੁਰਗ ਵੱਖਵਾਦੀ ਆਗੂ ਸਈਅਦ ਅਲੀ ਸ਼ਾਹ ਗਿਲਾਨੀ ਨੂੰ ਵੀਰਵਾਰ ਨੂੰ ਉਨ੍ਹਾਂ ਦੀ ਹੈਦਰਪੋਰਾ ਸਥਿਤ ਰਿਹਾਇਸ਼ ਨੇੜੇ ਸਪੁਰਦ-ਏ-ਖ਼ਾਕ ਕੀਤਾ ਗਿਆ। ਜ਼ਿਕਰਯੋਗ ਹੈ ਕਿ 92 ਵਰ੍ਹਿਆਂ ਦੇ ਗਿਲਾਨੀ ਦਾ ਬੁੱਧਵਾਰ ਰਾਤ ਸਾਢੇ 10 ਵਜੇ ਇੰਤਕਾਲ ਹੋ ਗਿਆ ਸੀ। ਉਹ 2008 ਤੋਂ ਆਪਣੇ ਘਰ ਵਿੱਚ ਨਜ਼ਰਬੰਦ ਸਨ।
ਪੁਲੀਸ ਦੇ ਸੂਤਰਾਂ ਨੇ ਦੱਸਿਆ ਕਿ ਹੈਦਰਪੋਰਾ ’ਚ ਰਿਸ਼ਤੇਦਾਰਾਂ ਤੇ ਗੁਆਂਢੀਆਂ ਦੀ ਮੌਜੂਦਗੀ ਵਿੱਚ ਤੜਕੇ 4.45 ਵਜੇ ਗਿਆਨੀ ਨੂੰ ਘਰ ਦੇ ਵਿਹੜੇ ਵਿੱਚ ਦਫ਼ਨਾਇਆ ਗਿਆ। ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਵਾਦੀ ਵਿੱਚ ਵੀਰਵਾਰ ਨੂੰ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਨੇ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ ਤਾਂ ਜੋ ਗ਼ੈਰ-ਸਮਾਜਿਕ ਤੱਤ ਅਫ਼ਵਾਹਾਂ ਨਾ ਫੈਲਾ ਸਕਣ। ਸਾਬਕਾ ਮੁੱਖ ਮੰਤਰੀਆਂ ਉਮਰ ਅਬਦੁੱਲ੍ਹਾ ਤੇ ਮਹਬਿੂਬਾ ਮੁਫ਼ਤੀ ਅਤੇ ਹੋਰ ਆਗੂਆਂ ਪੀਪਲਜ਼ ਕਾਨਫਰੰਸ ਦੇ ਸਜਾਦ ਗਨੀ ਲੋਨ, ਲੋਕ ਸਭਾ ਮੈਂਬਰ ਹਸਨੈਨ ਮਸੂਦੀ ਨੇ ਗਿਲਾਨੀ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। -ਆਈਏਐੱਨਐੱਸ
ਪਾਕਿਸਤਾਨ ਵਿੱਚ ਗਿਲਾਨੀ ਦੇ ਦੇਹਾਂਤ ’ਤੇ ਸੋਗ ਦਿਹਾੜਾ ਮਨਾਇਆ
ਇਸਲਾਮਾਬਾਦ: ਪਾਕਿਸਤਾਨ ਨੇ ਆਗੂ ਸਈਅਦ ਅਲੀ ਸ਼ਾਹ ਗਿਲਾਨੀ ਦੇ ਦੇਹਾਂਤ ’ਤੇ ਅੱਜ ਸੋਗ ਦਿਹਾੜਾ ਮਨਾਇਆ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਗਿਲਾਨੀ ਦੇ ਦੇਹਾਂਤ ਬਾਰੇ ਸੁਣ ਕੇ ਡੂੰਘਾ ਦੁੱਖ ਹੋਇਆ। ਖ਼ਾਨ ਦੱਸਿਆ ਕਿ ਪਾਕਿਸਤਾਨੀ ਝੰਡਾ ਅੱਧਾ ਝੁਕਾਇਆ ਗਿਆ ਅਤੇ ਅਧਿਕਾਰਤ ਤੌਰ ’ਤੇ ਅੱਜ ਸੋਗ ਦਿਹਾੜਾ ਮਨਾਇਆ ਗਿਆ। ਰਾਸ਼ਟਰਪਤੀ ਆਰਿਫ ਅਲਵੀ, ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ, ਸੂਚਨਾ ਮੰਤਰੀ ਫਵਾਦ ਚੌਧਰੀ ਅਤੇ ਸੂਚਨਾ ਰਾਜ ਮੰਤਰੀ ਫਾਰੂਕ ਹਬੀਬ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ। -ਪੀਟੀਆਈ