ਆਸਨਸੋਲ, 12 ਅਗਸਤ
ਇੱਥੋਂ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਪਸ਼ੂ ਤਸਕਰੀ ਨਾਲ ਸਬੰਧਤ ਕੇਸ ’ਚ ਗ੍ਰਿਫ਼ਤਾਰ ਕੀਤੇ ਗਏ ਟੀਐੱਮਸੀ ਆਗੂ ਅਨੁਬ੍ਰਤਾ ਮੰਡਲ ਨੂੰ 10 ਦਿਨ ਲਈ ਸੀਬੀਆਈ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਕੇਂਦਰੀ ਜਾਂਚ ਏਜੰਸੀ ਨੇ ਟੀਐੱਮਸੀ ਆਗੂ ਨੂੰ ਉਸ ਦੀ ਰਿਹਾਇਸ਼ ਤੋਂ ਕਾਬੂ ਕੀਤਾ ਸੀ। ਅਧਿਕਾਰੀ ਨੇ ਕਿਹਾ ਕਿ ਮੰਡਲ ਪਿਛਲੇ ਤਿੰਨ ਦਿਨਾਂ ਵਿੱਚ ਦੋ ਵਾਰ ਕੇਂਦਰੀ ਏਜੰਸੀ ਅੱਗੇ ਪੇਸ਼ ਹੋਣ ਵਿੱਚ ਨਾਕਾਮ ਰਿਹਾ ਸੀ। ਟੀਐੱਮਸੀ ਆਗੂ ਆਪਣੀ ਨਾਸਾਜ਼ ਸਿਹਤ ਦੇ ਹਵਾਲੇ ਨਾਲ ਸੋਮਵਾਰ ਤੇ ਬੁੱਧਵਾਰ ਨੂੰ ਸੀਬੀਆਈ ਅੱਗੇ ਪੇਸ਼ ਨਹੀਂ ਹੋਇਆ ਸੀ। ਇਸੇ ਦੌਰਾਨ ਸੀਬੀਆਈ ਨੇ ਬੋਲਪੁਰ ਸਬ-ਡਿਵੀਜ਼ਨ ਦੇ ਹਸਪਤਾਲ ਦੇ ਉਨ੍ਹਾਂ ਦੋ ਡਾਕਟਰਾਂ ਨੂੰ ਵੀ ਪੁੱਛ-ਪੜਤਾਲ ਲਈ ਸੰਮਨ ਕੀਤੇ ਹਨ ਜਿਨ੍ਹਾਂ ਮੰਡਲ ਨੂੰ 14 ਦਿਨ ਬੈੱਡ ਰੈਸਟ ਲਈ ਕਿਹਾ ਸੀ। ਏਜੰਸੀ ਨੇ ਕਿਹਾ ਕਿ ਡਾਕਟਰੀ ਸਲਾਹ ਦੇ ਆਧਾਰ ’ਤੇ ਹੀ ਮੰਡਲ ਕੇਂਦਰੀ ਏਜੰਸੀ ਸਾਹਮਣੇ ਪੇਸ਼ ਹੋਣ ਤੋਂ ਬਚਦਾ ਰਿਹਾ ਹੈ। -ਏਐੱਨਆਈ/ਆਈਏਐੱਨਐੱਸ