ਜੰਮੂ, 13 ਸਤੰਬਰ
ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਬਿੂਬਾ ਮੁਫ਼ਤੀ ਨੇ ਅੱਜ ਭਾਜਪਾ ’ਤੇ ਜੰਮੂ ਕਸ਼ਮੀਰ ਨੂੰ ਜੇਲ੍ਹ ’ਚ ਤਬਦੀਲ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪੀਡੀਪੀ ਦਾ ਸਵੈ ਸ਼ਾਸਨ ਵਾਲਾ ਫਾਰਮੂਲਾ ਹੀ ਜੰਮੂ ਕਸ਼ਮੀਰ ਦੇ ਮਸਲੇ ਦਾ ਹੱਲ ਕਰ ਸਕਦਾ ਹੈ ਅਤੇ ਇਸ ਨਾਲ ਭਾਰਤ ਤੇ ਪਾਕਿਸਤਾਨ ਦੀ ਪ੍ਰਭੂਸੱਤਾ ਨੂੰ ਵੀ ਕੋਈ ਸਮਝੌਤਾ ਨਹੀਂ ਕਰਨਾ ਪਵੇਗਾ। ਸੂਬੇ ਦੀ ਸਾਬਕਾ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਹੀ ਉਨ੍ਹਾਂ ਦੀ ਪਾਰਟੀ ਚੋਣ ਗੱਠਜੋੜ ਬਾਰੇ ਕੋਈ ਫ਼ੈਸਲਾ ਲਵੇਗੀ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਗੁਪਕਾਰ ਐਲਾਨਨਾਮੇ ਬਾਰੇ ਲੋਕਾਂ ਦਾ ਗੱਠਜੋੜ (ਪੀਏਜੀਡੀ) ਨਾਲ ਉਨ੍ਹਾਂ ਦੇ ਗੱਠਜੋੜ ਦਾ ਮਕਸਦ ਜੰਮੂ ਕਸ਼ਮੀਰ ’ਚ ਧਾਰਾ 370 ਦੀ ਬਹਾਲੀ ਹੈ।
ਪਾਰਟੀ ਦੇ ਨਵ ਨਿਯੁਕਤ ਜਨਰਲ ਸਕੱਤਰ ਅਬਦੁਲ ਰਸ਼ੀਦ ਮਲਿਕ ਤੇ ਸੂਬਾਈ ਯੂਥ ਪ੍ਰਧਾਨ ਪਰਵੇਜ਼ ਵਫ਼ਾ ਦੇ ਸਨਮਾਨ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਮਹਬਿੂਬਾ ਮੁਫ਼ਤੀ ਨੇ ਕਿਹਾ ਕਿ ਸੂਬੇ ’ਚ ਸਵੈ ਸ਼ਾਸਨ ਦਾ ਦੌਰ ਉਸ ਦਿਨ ਸ਼ੁਰੂ ਹੋਇਆ ਸੀ ਜਦੋਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਮੁਜ਼ੱਫਰਨਗਰ-ਉੜੀ ਤੇ ਰਾਵਲਪਿੰਡੀ-ਪੁਣਛ ਸਰਹੱਦੀ ਲਾਂਘੇ ਸ਼ੁਰੂ ਕੀਤੇ ਸਨ। ਉਨ੍ਹਾਂ ਕਿਹਾ, ‘ਕੋਈ ਵੀ ਸਵੈ ਸ਼ਾਸਨ ਨੂੰ ਰੋਕ ਨਹੀਂ ਸਕਦਾ। ਜੇਕਰ ਤੁਸੀਂ ਸੰਵਿਧਾਨ ਦੇ ਘੇਰੇ ’ਚ ਰਹਿ ਕੇ ਜੰਮੂ ਕਸ਼ਮੀਰ ਦੇ ਮਸਲੇ ਦਾ ਹੱਲ ਕਰਨਾ ਚਾਹੁੰਦੇ ਹੋ ਤਾਂ ਸਵੈ ਸ਼ਾਸਨ ਹੀ ਇੱਕੋ ਇੱਕ ਰਾਹ ਹੈ। ਇਸ ਨਾਲ ਭਾਰਤ ਤੇ ਪਾਕਿਸਤਾਨ ਨੂੰ ਨਾਂ ਆਪਣੀਆਂ ਸਰਹੱਦਾਂ ਬਦਲਣੀਆਂ ਪੈਣਗੀਆਂ ਤੇ ਨਾ ਹੀ ਪ੍ਰਭੂਸੱਤਾ ਨਾਲ ਸਮਝੌਤਾ ਕਰਨਾ ਪਵੇਗਾ।’
ਭਾਜਪਾ ਨਾਲ ਮਿਲ ਕੇ ਸੂਬੇ ’ਚ ਸਰਕਾਰ ਬਣਾਉਣ ਸਬੰਧੀ ਆਪਣੇ ਪਿਤਾ ਤੇ ਸਾਬਕਾ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸਈਦ ਦੇ ਫ਼ੈਸਲੇ ਦਾ ਬਚਾਅ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਭਾਜਪਾ ਦੇ ਹਮਾਇਤੀ ਨਹੀਂ ਸਨ ਪਰ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਹ ਸੋਚ ਕੇ ਹੱਥ ਮਿਲਾਇਆ ਸੀ ਕਿ ਸ਼ਾਇਦ ਉਹ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਦੇ ਰਾਹ ’ਤੇ ਚੱਲਣਗੇ। ਉਨ੍ਹਾਂ ਕਿਹਾ, ‘ਉਨ੍ਹਾਂ (ਮੁਫ਼ਤੀ ਮੁਹੰਮਦ ਸਈਦ) ਤਤਕਾਲੀ ਹਾਲਾਤ, ਵਾਜਪਾਈ ਦਾ ਰਿਕਾਰਡ ਤੇ ਜੰਮੂ ਕਸ਼ਮੀਰ ਦੇ ਮਸਲੇ ਦੇ ਹੱਲ ਲਈ ਗੱਲਬਾਤ ਦੀ ਲੋੜ ਨੂੰ ਦੇਖਦਿਆਂ ਫ਼ੈਸਲਾ ਲਿਆ ਸੀ। ਉਹ ਸੋਚਦੇ ਸਨ ਕਿ ਜੰਮੂ ਦੇ ਲੋਕਾਂ ਨੇ ਭਾਜਪਾ ਦੇ ਹੱਕ ’ਚ ਵੋਟ ਦਿੱਤੀ ਹੈ ਤੇ ਉਨ੍ਹਾਂ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ।’
ਪੀਡੀਪੀ ਆਗੂ ਨੇ ਕਿਹਾ ਮੁਫ਼ਤੀ ਨੇ ਬਹੁਤ ਸਾਰਾ ਸਮਾਂ ਜੰਮੂ ’ਚ ਬਿਤਾਇਆ ਤੇ ਉਨ੍ਹਾਂ ਹਮੇਸ਼ਾ ਜੰਮੂ ਕਸ਼ਮੀਰ ਦੇ ਇੱਕ ਹੋਣ ਦੀ ਖਾਹਿਸ਼ ਕੀਤੀ। ਉਨ੍ਹਾਂ ਕਿਹਾ, ‘ਮੈਂ ਅਸਕਰ ਲੋਕਾਂ ਨੂੰ ਮਿਲਣ ਤੇ ਧਰਮ ਦੇ ਆਧਾਰ ’ਤੇ ਵੰਡੀਆਂ ਪਾਉਣ ਵਾਲੀ ਭਾਜਪਾ ਦਾ ਪਰਦਾਫਾਸ਼ ਕਰਨ ਜੰਮੂ ਆਉਂਦੀ ਰਹਿੰਦੀ ਹਾਂ। ਅਸੀਂ ਧਰਮ ਨਿਰਪੱਖ ਹਾਂ ਤੇ ਜੇ ਤੁਸੀਂ ਕੋਈ ਸਭ ਤੋਂ ਵੱਡੀ ਧਰਮ ਨਿਰਪੱਖ ਥਾਂ ਦੇਖਣਾ ਚਾਹੁੰਦੇ ਹੋ ਤਾਂ ਉਹ ਜੰਮੂ ਹੈ ਜਿੱਥੇ ਸਭ ਧਰਮ ਦੇ ਲੋਕ ਇਕੱਠੇ ਰਹਿੰਦੇ ਹਨ। ਕਸ਼ਮੀਰ ਵੀ ਕਿਸੇ ਸਮੇਂ ਧਰਮ ਨਿਰਪੱਖਤਾ ਲਈ ਜਾਣਿਆ ਜਾਂਦਾ ਸੀ ਪਰ ਹੁਣ ਉਹ ਮਾਹੌਲ ਨਹੀਂ ਰਹਿ ਗਿਆ।’ -ਪੀਟੀਆਈ