ਨਵੀਂ ਦਿੱਲੀ, 12 ਮਾਰਚ
ਸੁਪਰੀਮ ਕੋਰਟ ਨੇ ਸੀਬੀਆਈ ਲਈ ਸਥਾਈ ਡਾਇਰੈਕਟਰ ਦੀ ਨਿਯੁਕਤੀ ਦੀ ਅਪੀਲ ਕਰਨ ਵਾਲੀ ਪਟੀਸ਼ਨ ’ਤੇ ਅੱਜ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਹੈ। ਜਸਟਿਸ ਐੱਲ ਨਾਗੇਸ਼ਵਰ ਰਾਓ ਅਤੇ ਜਸਟਿਸ ਐੱਸ ਰਵਿੰਦਰ ਭੱਟ ਦੇ ਬੈਂਚ ਨੇ ਐਨਜੀਓ ‘ਕਾਮਨ ਕਾਜ਼’ ਦੀ ਅਪੀਲ ’ਤੇ ਕੇਂਦਰ ਨੂੰ ਨੋਟਿਸ ਜਾਰੀ ਕੀਤਾ। ਅਪੀਲ ’ਚ ਦੋਸ਼ ਲਾਇਆ ਲਗਾਇਆ ਗਿਆ ਸੀ ਕਿ ਰਿਸ਼ੀ ਕੁਮਾਰ ਸ਼ੁਕਲਾ ਦਾ ਕਾਰਜਕਾਲ ਦੋ ਫਰਵਰੀ ਨੂੰ ਖਤਮ ਹੋਣ ਦੇ ਬਾਵਜੂਦ ਸਰਕਾਰ ਦਿੱਲੀ ਵਿਸ਼ੇਸ਼ ਪੁਲੀਸ ਸਥਾਪਨਾ ਨਿਯਮ ਦੀ ਧਾਰਾ 4 ਏ ਤਹਿਤ ਸੀਬੀਆਈ ਲਈ ਸਥਾਈ ਡਾਇਰੈਕਟਰ ਦੀ ਨਿਯੁਕਤੀ ਕਰਨ ’ਚ ਨਾਕਾਮ ਰਹੀ ਹੈ। ਅਪੀਲ ’ਚ ਕਿਹਾ ਗਿਆ ਹੈ ਕਿ ਇਸ ਦੀ ਥਾਂ ਸਰਕਾਰ ਨੇ ਪ੍ਰਵੀਨ ਸਿਨਹਾ ਦੀ ਨਿਯੁਕਤੀ ਏਜੰਸੀ ਦੇ ਅੰਤਰਿਮ ਨਿਰਦੇਸ਼ਕ ਵਜੋਂ ਕੀਤੀ ਹੈ। ਬੈਂਚ ਨੇ ਆਪਣੇ ਹੁਕਮਾਂ ’ਚ ਕਿਹਾ, ‘ਅਸੀਂ ਨੋਟਿਸ ਜਾਰੀ ਕਰ ਰਹੇ ਹਾਂ। ਅਸੀਂ ਇਸ ’ਤੇ ਦੋ ਹਫ਼ਤਿਆਂ ਬਾਅਦ ਵਿਚਾਰ ਕਰਾਂਗੇ।’ -ਪੀਟੀਆਈ