ਨਵੀਂ ਦਿੱਲੀ: ਭਾਰਤ ਬਾਇਓਟੈੱਕ ਨੇ ਦੇਸ਼ ਦੇ ਡਰੱਗ ਰੈਗੂਲੇਟਰ ਤੋਂ ਦੋ ਤੋਂ ਅਠਾਰਾਂ ਸਾਲ ਤੱਕ ਦੇ ਬੱਚਿਆਂ ’ਤੇ ਕੋਵਿਡ ਵੈਕਸੀਨ ਕੋਵੈਕਸੀਨ ਦੀ ਬੂਸਟਰ ਡੋਜ਼ ਸਬੰਧੀ ਫੇਜ਼ 2 ਅਤੇ 3 ਦੇ ਟਰਾਇਲ ਲਈ ਮਨਜ਼ੂਰੀ ਮੰਗੀ ਹੈ। ਇਹ ਜਾਣਕਾਰੀ ਅੱਜ ਇੱਥੇ ਸੂਤਰਾਂ ਨੇ ਦਿੱਤੀ। ਮੌਜੂਦਾ ਸਮੇਂ ਦੌਰਾਨ 18 ਸਾਲ ਦੀ ਉਮਰ ਤੋਂ ਵੱਧ ਵਾਲੇ ਉਨ੍ਹਾਂ ਵਿਅਕਤੀਆਂ ਨੂੰ ਕੋਵੈਕਸੀਨ ਅਤੇ ਕੋਵੀਸ਼ੀਲਡ ਦੀ ਬੂਸਟਰ ਡੋਜ਼ ਦਿੱਤੀ ਜਾ ਰਹੀ ਹੈ, ਜਿਨ੍ਹਾਂ ਨੇ ਦੂਜੀ ਖ਼ੁਰਾਕ ਤੋਂ ਬਾਅਦ ਨੌਂ ਮਹੀਨੇ ਪੂਰੇ ਕਰ ਲਏ ਹਨ। ਇਸ ਸਬੰਧੀ ਜਾਣਕਾਰੀ ਰੱਖਣ ਵਾਲੇ ਇੱਕ ਸੂਤਰ ਨੇ ਅੱਜ ਇੱਥੇ ਦੱਸਿਆ ਕਿ ਹੈਦਰਾਬਾਦ ਆਧਾਰਤ ਇੱਕ ਫਰਮ ਨੇ 29 ਅਪਰੈਲ ਨੂੰ ਡੀਸੀਜੀਆਈ ਨੂੰ ਇੱਕ ਪੱਤਰ ਸੌਂਪ ਕੇ 2 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ’ਤੇ ਕੋਵੈਕਸੀਨ ਦੇ ਫੇਜ਼ 2/3 ਦੇ ਟਰਾਇਲ ਦੀ ਇਜਾਜ਼ਤ ਮੰਗੀ ਹੈ। ਇਹ ਅਧਿਐਨ ਏਮਜ਼ ਦਿੱਲੀ ਅਤੇ ਪਟਨਾ ਸਮੇਤ ਛੇ ਥਾਵਾਂ ’ਤੇ ਕੀਤੇ ਜਾਣ ਦੀ ਸੰਭਾਵਨਾ ਹੈ। -ਪੀਟੀਆਈ