ਜੰਮੂ, 14 ਜੁਲਾਈ
ਤਿੱਬਤੀ ਅਧਿਆਤਮਕ ਆਗੂ ਦਲਾਈ ਲਾਮਾ ਨੇ ਅੱਜ ਕਿਹਾ ਕਿ ਚੀਨ ਦੇ ਬਹੁਗਿਣਤੀ ਲੋਕਾਂ ਨੂੰ ਇਹ ਅਹਿਸਾਸ ਹੋਣ ਲੱਗਾ ਹੈ ਕਿ ਉਹ(ਦਲਾਈ ਲਾਮਾ) ‘ਆਜ਼ਾਦੀ’ ਨਹੀਂ ਬਲਕਿ ਅਰਥਪੂਰਨ ਖ਼ੁਦਮੁਖਤਾਰੀ ਤੇ ਤਿੱਬਤੀ ਬੋਧੀ ਸਭਿਆਚਾਰ ਨੂੰ ਸੰਭਾਲਣ ਦੀ ਮੰਗ ਕਰ ਰਹੇ ਹਨ। ਸਾਰੇ ਵਿਵਾਦਾਂ ਦਾ ਸੰਵਾਦ ਜ਼ਰੀਏ ਹੱਲ ਕਰਨ ਦੀ ਵਕਾਲਤ ਕਰਦਿਆਂ ਦਲਾਈ ਲਾਮਾ ਨੇ ਜ਼ੋਰ ਦਿੱਤਾ ਕਿ ਸਾਰੇ ਮਨੁੱਖ ਬਰਾਬਰ ਹਨ ਤੇ ਉਨ੍ਹਾਂ ਨੂੰ ‘ਮੇਰਾ ਦੇਸ਼, ਮੇਰੀ ਵਿਚਾਰਧਾਰਾ’ ਦੀ ਤੰਗ ਸੋਚ ਤੋਂ ਉਪਰ ਉੱਠਣ ਦੀ ਲੋੜ ਹੈ, ਜੋ ਆਮ ਕਰਕੇ ਲੋਕਾਂ ਵਿੱਚ ਟਕਰਾਅ ਦਾ ਮੁੱਖ ਕਾਰਨ ਹੈ।
ਜੰਮੂ ਫੇਰੀ ’ਤੇ ਪੁੱਜੇ ਦਲਾਈ ਲਾਮਾ ਦਾ ਉਨ੍ਹਾਂ ਦੇ ਸ਼ਰਧਾਲੂਆਂ ਨੇ ਭਾਰੀ ਮੀਂਹ ਦੇ ਬਾਵਜੂਦ ਨਿੱਘਾ ਸਵਾਗਤ ਕੀਤਾ। ਪਿਛਲੇ ਦੋ ਸਾਲਾਂ ਵਿੱਚ ਤਿੱਬਤੀ ਆਗੂ ਦੀ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਤੋਂ ਬਾਹਰ ਇਹ ਪਲੇਠੀ ਫੇਰੀ ਹੈ। ਉਨ੍ਹਾਂ ਦੇ ਸ਼ੁੱਕਰਵਾਰ ਨੂੰ ਲੱਦਾਖ ਜਾਣ ਦੇ ਵੀ ਆਸਾਰ ਹਨ। 87 ਸਾਲਾ ਰੂਹਾਨੀ ਆਗੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਕੁਝ ਚੀਨੀ ਕੱਟੜਪੰਥੀ ਮੈਨੂੰ ਵੱਖਵਾਦੀ ਮੰਨਦੇ ਹਨ ਤੇ ਹਮੇਸ਼ਾ ਮੇਰੀ ਨੁਕਤਾਚੀਨੀ ਕਰਦੇ ਹਨ। ਪਰ ਹੁਣ, ਬਹੁਗਿਣਤੀ ਚੀਨੀ ਲੋਕਾਂ ਨੂੰ ਅਹਿਸਾਸ ਹੋਇਆ ਹੈ ਕਿ ਦਲਾਈ ਲਾਮਾ ਆਜ਼ਾਦੀ ਨਹੀਂ ਮੰਗ ਰਿਹਾ ਅਤੇ ਸਿਰਫ਼ ਇੰਨਾ ਚਾਹੁੰਦਾ ਹੈ ਕਿ ਚੀਨ, ਤਿੱਬਤ ਨੂੰ ਅਰਥਪੂਰਨ ਖੁਦਮੁਖਤਾਰੀ ਦੇਵੇ ਅਤੇ ਤਿੱਬਤੀ ਬੋਧੀ ਸਭਿਆਚਾਰ ਦੀ ਸੰਭਾਲ ਯਕੀਨੀ ਬਣਾਏ।’’ ਚੀਨ ਵੱਲੋਂ ਉਨ੍ਹਾਂ ਦੀ ਫੇਰੀ ’ਤੇ ਇਤਰਾਜ਼ ਜਤਾਉਣ ਬਾਰੇ ਪੁੱਛਣ ’ਤੇ ਦਲਾਈ ਲਾਮਾ ਨੇ ਕਿਹਾ ਕਿ ‘ਇਹ ਆਮ ਗੱਲ ਹੈ।’ -ਪੀਟੀਆਈ