ਨਵੀਂ ਦਿੱਲੀ, 25 ਅਗਸਤ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੁਰੱਖਿਆ ਬਲਾਂ ਤੇ ਪੁਲੀਸ ਨੂੰ ਹਦਾਇਤ ਕੀਤੀ ਹੈ ਕਿ ਉਹ ਜੰਮੂ-ਕਸ਼ਮੀਰ ’ਚੋਂ ਅਤਿਵਾਦ ਨੂੰ ਖ਼ਤਮ ਕਰਨ ਲਈ ਪੂਰੀ ਚੌਕਸੀ ਤੇ ਯੋਜਨਾਬੱਧ ਢੰਗ ਨਾਲ ਕੀਤੇ ਜਾਂਦੇ ਅਤਿਵਾਦ ਵਿਰੋਧੀ ਅਪਰੇਸ਼ਨਾਂ ਲਈ ਮਿਲ ਕੇ ਕੀਤੇ ਜਾਂਦੇ ਯਤਨਾਂ ਨੂੰ ਜਾਰੀ ਰੱਖਣ। ਜੰਮੂ ਕਸ਼ਮੀਰ ਦੇ ਸੁਰੱਖਿਆ ਹਾਲਾਤ ’ਤੇ ਨਜ਼ਰਸਾਨੀ ਲਈ ਸੱਦੀ ਮੀਟਿੰਗ ਦੌਰਾਨ ਸ਼ਾਹ ਨੇ ਕਿਹਾ ਕਿ ਦਹਿਸ਼ਤਗਰਦਾਂ ਦੇ ਈਕੋ-ਸਿਸਟਮ, ਜਿਸ ਵਿੱਚ ਅਜਿਹੇ ਤੱਤ ਸ਼ਾਮਲ ਹਨ, ਜੋ ਆਮ ਆਦਮੀ ਦੀ ਭਲਾਈ ਨੂੰ ਨੁਕਸਾਨ ਪਹੁੰਚਾਉਣ ਲਈ ਅਤਿਵਾਦੀਆਂ ਅਤੇ ਵੱਖਵਾਦੀਆਂ ਦੀ ਮੁਹਿੰਮ ਦੀ ਸਹਾਇਤਾ ਕਰਦੇ ਹਨ, ਉਨ੍ਹਾਂ ਨੂੰ ਹੱਲਾਸ਼ੇਰੀ ਦਿੰਦੇ ਹਨ ਅਤੇ ਉਨ੍ਹਾਂ ਨੂੰ ਕਾਇਮ ਰੱਖਦੇ ਹਨ, ਨੂੰ ਖਤਮ ਕਰਨ ਦੀ ਲੋੜ ਹੈ।
ਅਧਿਕਾਰਤ ਬਿਆਨ ਵਿੱਚ ਕਿਹਾ ਗਿਆ, ‘‘ਕੇਂਦਰੀ ਮੰਤਰੀ ਨੇ ਸੁਰੱਖਿਆ ਬਲਾਂ ਤੇ ਪੁਲੀਸ ਨੂੰ ਕਿਹਾ ਕਿ ਉਹ ਪੂਰੀ ਚੌਕਸੀ ਤੇ ਯੋਜਨਾਬੱਧ ਢੰਗ ਨਾਲ ਸਾਂਝੇ ਯਤਨਾਂ ਰਾਹੀਂ ਅਤਿਵਾਦ ਨੂੰ ਖ਼ਤਮ ਕਰਨ ਲਈ ਕਾਰਵਾਈ ਜਾਰੀ ਰੱਖਣ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਲੋਕ ਸੁਰੱਖਿਆ ਬਲਾਂ ਦੀ ਮਦਦ ਨਾਲ ਇਸ ਲੁਕਵੀਂ ਜੰਗ ਨੂੰ ਫੈਸਲਾਕੁਨ ਭਾਂਜ ਦੇਣਗੇ।’’ ਕੇਂਦਰੀ ਗ੍ਰਹਿ ਮੰਤਰੀ ਨੇ ਸੁਰੱਖਿਆ ਗਰਿੱਡ ਦੇ ਕੰਮਕਾਜ ਅਤੇ ਪਿਛਲੇ ਕੁਝ ਸਾਲਾਂ ਵਿੱਚ ਦਹਿਸ਼ਤੀ ਘਟਨਾਵਾਂ ਨੂੰ ਘਟਾਉਣ ਲਈ ਕੀਤੇ ਯਤਨਾਂ ’ਤੇ ਵੀ ਨਜ਼ਰਸਾਨੀ ਕੀਤੀ। ਉਨ੍ਹਾਂ ਇਸ ਸਾਲ ਅਮਰਨਾਥ ਯਾਤਰਾ ਨੂੰ ਸਫ਼ਲ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਜੰਮੂ-ਕਸ਼ਮੀਰ ਪ੍ਰਸ਼ਾਸਨ ਤੇ ਸੁੁਰੱਖਿਆ ਏਜੰਸੀਆਂ ਵੱਲੋਂ ਕੀਤੇ ਯਤਨਾਂ ਦੀ ਤਾਰੀਫ਼ ਕੀਤੀ। -ਪੀਟੀਆਈ
ਉੜੀ ਵਿੱਚ ਘੁਸਪੈਠ ਦੀ ਕੋਸ਼ਿਸ਼ ਕਰਦੇ ਤਿੰਨ ਅਤਿਵਾਦੀ ਹਲਾਕ
ਸ੍ਰੀਨਗਰ: ਸੁਰੱਖਿਆ ਬਲਾਂ ਨੇ ਅੱਜ ਜੰਮੂ ਕਸ਼ਮੀਰ ਦੇ ਉੜੀ ਖੇਤਰ ਵਿੱਚ ਕੰਟਰੋਲ ਰੇਖਾ ਦੇ ਨਾਲ ਘੁਸਪੈਠ ਦੀ ਇਕ ਕੋਸ਼ਿਸ਼ ਨਾਕਾਮ ਕਰ ਦਿੱਤੀ। ਇਸ ਦੌਰਾਨ ਤਿੰਨ ਅਤਿਵਾਦੀ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਅਤਿਵਾਦੀਆਂ ਨੇ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਉੜੀ ਸੈਕਟਰ ਦੇ ਕਮਲਕੋਟ ਖੇਤਰ ਵਿੱਚ ਕੰਟਰੋਲ ਰੇਖਾ ਨੇੜੇ ਭਾਰਤ ਵਾਲੇ ਪਾਸੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ। ਰੱਖਿਆ ਮੰਤਰਾਲੇ ਦੇ ਸ੍ਰੀਨਗਰ ਆਧਾਰਤ ਲੋਕ ਸੰਪਰਕ ਅਧਿਕਾਰੀ ਕਰਨਲ ਐਮਰੋਨ ਮੁਸਾਵੀ ਨੇ ਦੱਸਿਆ ਕਿ ਮਿਲਟਰੀ ਇੰਟੈਲੀਜੈਂਸ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਘੁਸਪੈਠ ਦੀ ਕੋਸ਼ਿਸ਼ ਨੂੰ ਅਸਫ਼ਲ ਕਰਨ ਲਈ ਕਾਰਵਾਈ ਆਰੰਭੀ ਗਈ। -ਪੀਟੀਆਈ