ਨਵੀਂ ਦਿੱਲੀ, 10 ਜਨਵਰੀ
ਸੁਪਰੀਮ ਕੋਰਟ ਦੇ ਕਈ ਵਕੀਲਾਂ ਨੇ ਸੋਮਵਾਰ ਨੂੰ ਸਿਖਰਲੀ ਅਦਾਲਤ ਨੂੰ ਲਿਖੇ ਪੱਤਰ ਵਿੱਚ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲੀਆ ਪੰਜਾਬ ਫੇਰੀ ਦੌਰਾਨ ਉਨ੍ਹਾਂ ਦੀ ਸੁਰੱਖਿਆ ’ਚ ਰਹੀਆਂ ਕਥਿਤ ਖਾਮੀਆਂ ਨਾਲ ਜੁੜੇ ਕੇਸ ਦੀ ਜਾਂਚ ਵਿੱਚ ਸ਼ਾਮਲ ਜੱਜਾਂ ਨੂੰ ਧਮਕਾਇਆ ਜਾ ਰਿਹੈ। ਸੁਪਰੀਮ ਕੋਰਟ ਦੀ ਐਡਵੋਕੇਟ-ਆਨ-ਰਿਕਾਰਡ ਐਸੋਸੀਏਸ਼ਨ (ਐੱਸਸੀਏਓਆਰਏ) ਵੱਲੋਂ ਲਿਖੇ ਪੱਤਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਧਮਕੀਆਂ ਪਿੱਛੇ ਕਥਿਤ ਖ਼ਾਲਿਸਤਾਨ ਪੱਖੀ ਜਥੇਬੰਦੀ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਦਾ ਹੱਥ ਹੈ। ਪੱਤਰ ਮੁਤਾਬਕ ਧਮਕੀਆਂ ਵਾਲੀਆਂ ਪ੍ਰੀ-ਰਿਕਾਰਡਿਡ ਕਾਲਾਂ ਅੱਜ 10 ਜਨਵਰੀ 2022 ਨੂੰ ਸਵੇਰੇ 10:40 ਵਜੇ ਤੇ ਮਗਰੋਂ ਦੁਪਹਿਰੇ 12:36 ਵਜੇ ਦੇ ਕਰੀਬ ਆਈਆਂ ਹਨ। ਸੁਪਰੀਮ ਕੋਰਟ ਦੇ ਸਕੱਤਰ ਜਨਰਲ ਵੀਰੇਂਦਰ ਕੁਮਾਰ ਬਾਂਸਲ ਨੂੰ ਲਿਖੇ ਪੱਤਰ ਵਿੱਚ ਫੋਨ ਕਰਨ ਵਾਲੇ ਨੇ ਸੁਪਰੀਮ ਕੋਰਟ ਦੇ ਜੱਜਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਐੱਨਜੀਓ ‘ਲਾਇਅਰਜ਼ ਵੁਆਇਸ’ ਵੱਲੋਂ ਦਾਇਰ ਜਨਹਿਤ ਪਟੀਸ਼ਨ ’ਤੇ ਸੁਣਵਾਈ ਤੋਂ ਖ਼ੁਦ ਨੂੰ ਦੂਰ ਰੱਖਣ ਕਿਉਂਕਿ ਸਿਖਰਲੀ ਅਦਾਲਤ 1984 ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਵਿੱਚ ਨਾਕਾਮ ਰਹੀ ਹੈ। ਐਸੋਸੀਏਸ਼ਨ ਨੇ ਧਮਕੀ ਦੇਣ ਵਾਲਿਆਂ ਖਿਲਾਫ਼ ਫੌਰੀ ਕਾਰਵਾਈ ਦੀ ਮੰਗ ਕਰਦਿਆਂ ਇਨ੍ਹਾਂ ਕਾਲਾਂ ਨੂੰ ਐਡਵੋਕੇਟਸ ਆਨ ਰਿਕਾਰਡਜ਼ ਦੀ ਨਿੱਜਤਾ ਦੀ ਉਲੰਘਣਾ ਕਰਾਰ ਦਿੱਤਾ ਹੈ ਕਿਉਂਕਿ ਇਨ੍ਹਾਂ ਕਾਲਾਂ ਨਾਲ ਉਨ੍ਹਾਂ ਦਾ ਰਜਿਸਟਰਡ ਮੋਬਾਈਲ ਨੰਬਰ ਜਨਤਕ ਹੋ ਗਿਆ ਹੈ ਤੇ ਸੁਪਰੀਮ ਕੋਰਟ ਵਿੱਚ ਚੱਲ ਰਹੇ ਕੇਸਾਂ ਨਾਲ ਸਬੰਧਤ ਸਾਰੀ ਗੁਪਤ ਤੇ ਸੰਜੀਦਾ ਜਾਣਕਾਰੀ ਨਾਲ ਸਮਝੌਤਾ ਹੋਣ ਦਾ ਖ਼ਦਸ਼ਾ ਹੈ। ਐਸੋਸੀਏਸ਼ਨ ਮੁਤਾਬਕ ਇਸ ਸੰਜੀਦਾ ਡੇਟਾ ਦੀ ਦੁਰਵਰਤੋਂ ਨਾਲ ਹੋਰ ਯੰਤਰਾਂ ਨੂੰ ਹੈਕ ਕੀਤਾ ਜਾ ਸਕਦਾ ਹੈ। -ਪੀਟੀਆਈ