ਜੰਮੂ, 31 ਅਕਤੂਬਰ
ਪ੍ਰਸ਼ਾਸਨ ਨੇ ਐਤਵਾਰ ਸਵੇਰੇ ਜੰਮੂ-ਰਾਜੌਰੀ ਕੌਮੀ ਮਾਰਗ ਨੂੰ ਟਰੈਫਿਕ ਲਈ ਖੋਲ੍ਹ ਦਿੱਤਾ ਹੈ। ਇਸ ਦਾ ਇਕ ਹਿੱਸਾ ਦੋ ਹਫ਼ਤੇ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਸੰਘਣੇ ਜੰਗਲੀ ਇਲਾਕੇ ਵਿਚ ਦਹਿਸ਼ਤਗਰਦਾਂ ਖ਼ਿਲਾਫ਼ ਅਪਰੇਸ਼ਨ ਚੱਲ ਰਿਹਾ ਹੈ ਜਿਨ੍ਹਾਂ ਦੀ ਭਾਲ ਫ਼ੌਜ ਹਾਲੇ ਵੀ ਕਰ ਰਹੀ ਹੈ। ਪੁਣਛ ਤੇ ਰਾਜੌਰੀ ਜ਼ਿਲ੍ਹਿਆਂ ਵਿਚ ਅਤਿਵਾਦੀਆਂ ਦੀ ਭਾਲ 21ਵੇਂ ਦਿਨ ਵਿਚ ਦਾਖਲ ਹੋ ਗਈ ਹੈ। ਜੰਮੂ-ਰਾਜੌਰੀ ਮਾਰਗ ’ਤੇ ਟਰੈਫਿਕ ਭੀਂਬੜ ਗਲੀ (ਮੇਂਧੜ ਖੇਤਰ) ਤੇ ਜੇਰਾ ਵਾਲੀ ਗਲੀ (ਸੂਰਨਕੋਟ) ਵਿਚਾਲੇ ਰੋਕਿਆ ਗਿਆ ਸੀ। ਟੈਕਸੀ ਅਪਰੇਟਰ ਇਸ ਸੜਕ ਨੂੰ ਖੋਲ੍ਹਣ ਦੀ ਮੰਗ ਕਰ ਰਹੇ ਸਨ। ਸੜਕ ਦਾ ਇਹ ਹਿੱਸਾ ਇਸ ਜੰਗਲੀ ਇਲਾਕੇ ਵਿਚੋਂ ਹੋ ਕੇ ਜਾਂਦਾ ਹੈ ਜਿਸ ਨੂੰ ਫ਼ੌਜ ਨੇ ਘੇਰਾ ਪਾਇਆ ਹੋਇਆ ਹੈ। ਇਸੇ ਖੇਤਰ ਦੇ ਭੱਟੀ ਦੁੜੀਆਂ ਵਿਚ ਲੁਕੇ ਹੋਏ ਅਤਿਵਾਦੀਆਂ ਨਾਲ ਮੁਕਾਬਲੇ ’ਚ ਚਾਰ ਸੈਨਿਕ ਸ਼ਹੀਦ ਹੋ ਗਏ ਸਨ। 15 ਅਕਤੂਬਰ ਨੂੰ ਸਾਵਧਾਨੀ ਵਜੋਂ ਮਾਰਗ ਬੰਦ ਕੀਤਾ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਜੰਗਲੀ ਇਲਾਕੇ ਦਾ ਵੱਡਾ ਹਿੱਸਾ ਛਾਣ ਦਿੱਤਾ ਗਿਆ ਹੈ ਤੇ ਪ੍ਰਸ਼ਾਸਨ ਨੂੰ ਸੜਕ ਖੋਲ੍ਹਣ ਤੇ ਆਮ ਗਤੀਵਿਧੀਆਂ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਖੋਜ ਕਰ ਰਹੀਆਂ ਫ਼ੌਜੀ ਪਾਰਟੀਆਂ ਨਾਲ ਸਿੱਧੇ ਸੰਪਰਕ ਤੋਂ ਅਤਿਵਾਦੀ ਬਚ ਰਹੇ ਹਨ ਤੇ ਸੰਘਣੇ ਜੰਗਲ, ਕੁਦਰਤੀ ਗੁਫ਼ਾਵਾਂ ਤੇ ਔਖੇ ਧਰਾਤਲ ਦਾ ਉਨ੍ਹਾਂ ਨੂੰ ਫਾਇਦਾ ਹੋ ਰਿਹਾ ਹੈ। ਅਪਰੇਸ਼ਨ ਹੁਣ ਜੰਗਲ ਦੇ ਬਿਲਕੁਲ ਵਿਚਾਲੇ ਚੱਲ ਰਿਹਾ ਹੈ ਜਿੱਥੇ ਕਈ ਕੁਦਰਤੀ ਲੁਕਣਗਾਹਾਂ ਹਨ। ਜ਼ਿਕਰਯੋਗ ਹੈ ਕਿ ਦਰਜਨ ਤੋਂ ਵੱਧ ਵਿਅਕਤੀਆਂ ਨੂੰ ਇਸ ਮਾਮਲੇ ਵਿਚ ਪੁੱਛਗਿੱਛ ਲਈ ਹਿਰਾਸਤ ’ਚ ਲਿਆ ਗਿਆ ਸੀ। ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਇਹ ਲੋਕ ਅਤਿਵਾਦੀਆਂ ਨੂੰ ਲੋੜੀਂਦੀ ਸਮੱਗਰੀ, ਖਾਣ ਦਾ ਸਾਮਾਨ ਵਗੈਰਾ ਦੇ ਰਹੇ ਸਨ। -ਪੀਟੀਆਈ