ਲੰਡਨ, 2 ਫਰਵਰੀ
ਬਰਤਾਨੀਆ ਦੀ ਪੁਲੀਸ ‘ਸਕਾਟਲੈਂਡ ਯਾਰਡ’ ਕਰਪਾਲ ਕੌਰ ਸੰਧੂ ਨੂੰ ਯਾਦ ਕਰ ਰਹੀ ਹੈ। ਮੈਟਰੋਪੌਲਿਟਨ ਪੁਲੀਸ ਕਰਪਾਲ ਕੌਰ ਦੇ ਫੋਰਸ ਵਿਚ ਸ਼ਾਮਲ ਹੋਣ ਦੀ 50ਵੀਂ ਵਰ੍ਹੇਗੰਢ ਮਨਾ ਰਹੀ ਹੈ। ਸੰਧੂ 1971 ਵਿਚ ‘ਸਕਾਟਲੈਂਡ ਯਾਰਡ’ ਵਿਚ ਭਰਤੀ ਹੋਈ ਸੀ ਤੇ ਉਹ ਅਜਿਹਾ ਕਰਨ ਵਾਲੀ ਪਹਿਲੀ ਦੱਖਣੀ ਏਸ਼ਿਆਈ ਤੇ ਸਿੱਖ ਮਹਿਲਾ ਪੁਲੀਸ ਅਧਿਕਾਰੀ ਸੀ। ਪੁਲੀਸ ਕਾਂਸਟੇਬਲ ਵਜੋਂ 1971 ਵਿਚ ਭਰਤੀ ਹੋਈ ਕਰਪਾਲ ਕੌਰ ਨੇ 1973 ਤੱਕ ਸੇਵਾਵਾਂ ਦਿੱਤੀਆਂ। ਸਹਾਇਕ ਕਮਿਸ਼ਨਰ ਹੇਲੇਨ ਬਾਲ ਨੇ ਕਿਹਾ ‘ਪੀਸੀ ਕਰਪਾਲ ਕੌਰ ਸੱਚੇ ਅਰਥਾਂ ਵਿਚ ਮੁੱਢ ਬੰਨ੍ਹਣ ਵਾਲੀ ਸੀ ਤੇ ਸਮੇਂ ਤੋਂ ਅੱਗੇ ਸੀ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ 1971 ਵਿਚ ਉਸ ਨੇ ਮੈਟਰੋ ਪੁਲੀਸ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ, ਉਸ ਨੂੰ ਇਸ ਦੌਰਾਨ ਕਈ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੋਵੇਗਾ।’ ਇਸ ਸਬੰਧੀ ਇਕ ਵਰਚੁਅਲ ਸਮਾਗਮ ਵਿਚ ਮੈੱਟ ਪੁਲੀਸ ਸਿੱਖ ਐਸੋਸੀਏਸ਼ਨ ਦੇ ਨਾਲ ‘ਨੈਸ਼ਨਲ ਸਿੱਖ ਪੁਲੀਸ ਐਸੋਸੀਏਸ਼ਨ’ ਨੇ ਵੀ ਹਿੱਸਾ ਲਿਆ। ਇਸ ਮੌਕੇ ਕਰਪਾਲ ਦੀ ਧੀ ਰੋਮੀ ਸੰਧੂ ਵੀ ਹਾਜ਼ਰ ਸੀ। ਸੰਧੂ ਦਾ ਜਨਮ ਸਿੱਖ ਪਰਿਵਾਰ ਵਿਚ ਪੂਰਬੀ ਅਫ਼ਰੀਕਾ ਦੇ ਜ਼ੰਜ਼ੀਬਾਰ ’ਚ 1943 ਵਿਚ ਹੋਇਆ ਸੀ। 1962 ਵਿਚ ਉਹ ਯੂਕੇ ਆ ਗਈ ਤੇ 27 ਸਾਲ ਦੀ ਉਮਰ ਵਿਚ ਕਰਪਾਲ 1971 ’ਚ ਸਕਾਟਲੈਂਡ ਯਾਰਡ ਵਿਚ ਸ਼ਾਮਲ ਹੋ ਗਈ। -ਪੀਟੀਆਈ