ਨਵੀਂ ਦਿੱਲੀ: ਦੇਸ਼ ਦੇ ਵਿਗਿਆਨੀ ਕਰੋਨਾ ਵੈਕਸੀਨ ਐਸਟਰਾਜ਼ੈਨੇਕਾ ਅਤੇ ਭਾਰਤ ਵਿੱਚ ਹੀ ਤਿਆਰ ਕੀਤੀ ਕੋਵੈਕਸੀਨ ਦੇ ਪ੍ਰਭਾਵਾਂ ਦੀ ਜਾਂਚ ਕਰਨ ਲਈ ਅਗਲੇ ਹਫ਼ਤੇ ਤੋਂ ਕੰਮ ਸ਼ੁਰੂ ਕਰਨਗੇ।
ਇਸ ਸਬੰਧੀ ਇੰਡੀਅਨ ਕਾਊਂਸਿਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਵੱਲੋਂ 45 ਸਾਲ ਤੋਂ ਵੱਧ ਦੇ 3000-5000 ਲੋਕਾਂ ਨੂੰ ਜਾਂਚ ਦੇ ਘੇਰੇ ਵਿੱਚ ਲਿਆ ਜਾਵੇਗਾ। ਇਨ੍ਹਾਂ ਵਿੱਚੋਂ 80 ਫ਼ੀਸਦੀ ਲੋਕਾਂ ਨੂੰ ਐਸਟਰਾਜ਼ੈਨੇਕਾ ਦੀ ਡੋਜ਼ ਦਿੱਤੀ ਜਾਵੇਗੀ। ਐਸਟਰਾਜ਼ੈਨੇਕਾ ਵੈਕਸੀਨ ਭਾਰਤ ਵਿੱਚ ਹੀ ਸੀਰਮ ਇੰਸਟੀਚਿਊਟ ਵੱਲੋਂ ਤਿਆਰ ਕੀਤੀ ਗਈ ਹੈ ਜਿਸ ਨੂੰ ਕੋਵੀਸ਼ੀਲਡ ਦਾ ਨਾਂ ਦਿੱਤਾ ਗਿਆ ਹੈ। ਇਸੇ ਤਰ੍ਹਾਂ ਬਾਕੀ ਦੇ 20 ਫ਼ੀਸਦੀ ਲੋਕਾਂ ਨੂੰ ਕੋਵੈਕਸੀਨ ਦੀ ਡੋਜ਼ ਦਿੱਤੀ ਜਾਵੇਗੀ। ਕੋਵੈਕਸੀਨ ਵੀ ਦੇਸ਼ ਵਿੱਚ ਹੀ ਭਾਰਤ ਬਾਇਓਟੈੱਕ ਅਤੇ ਆਈਸੀਐੱਮਆਰ ਵੱਲੋਂ ਸਾਂਝੇ ਤੌਰ ’ਤੇ ਤਿਆਰ ਕੀਤੀ ਗਈ ਦਵਾਈ ਹੈ। -ਰਾਇਟਰਜ਼