ਬੰਗਲੂਰੂ, 27 ਸਤੰਬਰ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਵਿਗਿਆਨਕ ਭਾਈਚਾਰੇ ਨੂੰ ਸਮਾਜਿਕ ਜ਼ਿੰਮੇਵਾਰੀ ਦੇ ਰਾਹ ’ਤੇ ਅੱਗੇ ਵਧਣ ਅਤੇ ਸਵਦੇਸ਼ੀਕਰਨ ਦੀ ਭਾਵਨਾ ਨੂੰ ਅਪਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਇਹ ਯਕੀਨੀ ਬਣਾਉਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕਿ 2047 ਤੱਕ ਭਾਰਤ ਵਧੇਰੇ ਖੁਸ਼ਹਾਲ ਤੇ ਮਜ਼ਬੂਤ ਰਾਸ਼ਟਰ ਹੋਵੇਗਾ। ਰਾਸ਼ਟਰਪਤੀ ਇੱਥੇ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (ਐੱਚਏਐੱਲ) ਦੇ ਏਕੀਕ੍ਰਿਤ ਕ੍ਰਾਇਓਜੈਨਿਕ ਇੰਜਣ ਨਿਰਮਾਣ ਕੇਂਦਰ (ਆਈਸੀਐੱਐੱਮਐੱਫ) ਦਾ ਉਦਘਾਟਨ ਕਰਨ ਅਤੇ ਜ਼ੋਨਲ ਇੰਸਟੀਚਿਊਟ ਆਫ ਵਾਇਰੋਲੋਜੀ (ਦੱਖਣੀ ਜ਼ੋਨ) ਦਾ ਨੀਂਹ ਪੱਥਰ ਰੱਖਣ ਪੁੱਜੇ ਹੋਏ ਸਨ।
ਰਾਸ਼ਟਰਪਤੀ ਨੇ ਕਿਹਾ, ‘ਇਸ ਇਤਿਹਾਸਕ ਮੌਕੇ ਮੈਨੂੰ ਆਪਣੇ ਸਾਬਕਾ ਰਾਸ਼ਟਰਪਤੀ ਮਾਨਯੋਗ ਡਾ. ਏਪੀਜੇ ਅਬਦੁਲ ਕਲਾਮ ਦੀ ਯਾਦ ਆ ਰਹੀ ਹੈ। ਅਸੀਂ ਉਨ੍ਹਾਂ ਨੂੰ ‘ਭਾਰਤ ਦੇ ਮਿਜ਼ਾਈਲ ਮੈਨ’ ਵਜੋਂ ਜਾਣਦੇ ਹਾਂ ਪਰ ਉਨ੍ਹਾਂ ਦੇ ਜੀਵਨ ਦਾ ਇੱਕ ਹੋਰ ਪੱਖ ਸੀ ਜਿਸ ’ਤੇ ਮੈਂ ਰੋਸ਼ਨੀ ਪਾਉਣਾ ਚਾਹੁੰਦੀ ਹਾਂ। ਉਨ੍ਹਾਂ ਹਮੇਸ਼ਾ ਸਮਾਜਿਕ ਤਾਲਮੇਲ ਦੇ ਨਾਲ ਨਾਲ ਤਕਨੀਕੀ ਵਿਕਾਸ ਦਾ ਰਾਹ ਅਪਣਾਇਆ।’ ਉਨ੍ਹਾਂ ਕਿਹਾ ਕਿ ਵਿਗਿਆਨ ਇੱਕ ਮਹਾਨ ਕ੍ਰਾਂਤੀ ਹੈ ਅਤੇ ਇਸ ਨਾਲ ਲੋਕਾਂ ਦੀ ਜ਼ਿੰਦਗੀ ਬਦਲੀ ਜਾ ਸਕਦੀ ਹੈ।
ਐੱਚਏਐੱਲ ਦੇ ਏਕੀਕ੍ਰਿਤ ਕ੍ਰਾਇਓਜੈਨਿਕ ਇੰਜਣ ਨਿਰਮਾਣ ਕੇਂਦਰ ਨਾਲ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਲਈ ਇੱਕ ਹੀ ਥਾਂ ’ਤੇ ਰੌਕੇਟ ਇੰਜਣ ਦਾ ਨਿਰਮਾਣ ਕੀਤਾ ਜਾ ਸਕੇਗਾ। ਕੇਂਦਰ ਦਾ ਨਿਰਮਾਣ 4500 ਵਰਗ ਮੀਟਰ ਖੇਤਰ ’ਚ ਕੀਤਾ ਗਿਆ ਹੈ। -ਪੀਟੀਆਈ