ਨਵੀਂ ਦਿੱਲੀ, 29 ਜੁਲਾਈ
ਗ੍ਰਹਿ ਮੰਤਰਾਲੇ ਨੇ ਲੌਕਡਾਊਨ ’ਚ ਕੁਝ ਨਵੀਆਂ ਛੋਟਾਂ ਦੇਣ ਦਾ ਐਲਾਨ ਕੀਤਾ ਹੈ ਜੋ ਕਿ ਪਹਿਲੀ ਅਗਸਤ ਤੋਂ ਲਾਗੂ ਹੋਣਗੀਆਂ। ਕੰਟੇਨਮੈਂਟ ਜ਼ੋਨ ਤੋਂ ਬਾਹਰ ਕਈ ਗਤੀਵਿਧੀਆਂ ਨੂੰ ਇਜਾਜ਼ਤ ਦਿੱਤੀ ਗਈ ਹੈ ਹਾਲਾਂਕਿ ਸਕੂਲ, ਕਾਲਜ, ਕੋਚਿੰਗ ਸੈਂਟਰ, ਮੈਟਰੋ ਰੇਲ ਸੇਵਾ, ਸਿਨੇਮਾ ਹਾਲ ਤੇ ਬਾਰ 31 ਅਗਸਤ ਤੱਕ ਬੰਦ ਹੀ ਰਹਿਣਗੇ। ਆਜ਼ਾਦੀ ਦਿਵਸ ਸਮਾਗਮ ਕਰਵਾਉਣ ਦੀ ਖੁੱਲ੍ਹ ਵੀ ਦੇ ਦਿੱਤੀ ਗਈ ਹੈ ਹਾਲਾਂਕਿ ਵਿੱਥ ਬਰਕਰਾਰ ਰੱਖਣ ਤੇ ਹੋਰ ਨੇਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਸਿਆਸੀ ਤੇ ਧਾਰਮਿਕ ਇਕੱਤਰਤਾ ਵੀ ਹਾਲੇ ਨਹੀਂ ਕੀਤੀ ਜਾ ਸਕੇਗੀ। 25 ਮਾਰਚ ਨੂੰ ਲੌਕਡਾਊਨ ਲਾਗੂ ਹੋਣ ਤੋਂ ਬਾਅਦ ਪਹਿਲੀ ਵਾਰ ਯੋਗ ਸੰਸਥਾਵਾਂ ਤੇ ਜਿਮ ਪੰਜ ਅਗਸਤ ਤੋਂ ਖੋਲ੍ਹੇ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਸਬੰਧੀ ਹਦਾਇਤਾਂ (ਐੱਸਓਪੀ) ਸਿਹਤ ਮੰਤਰਾਲੇ ਵੱਲੋਂ ਵੱਖਰੇ ਤੌਰ ’ਤੇ ਜਾਰੀ ਕੀਤੀਆਂ ਜਾਣਗੀਆਂ। ਰਾਤ ਦਾ ਕਰਫ਼ਿਊ ਹਟਾ ਦਿੱਤਾ ਗਿਆ ਹੈ ਤੇ ਨਿੱਜੀ ਤੌਰ ’ਤੇ ਰਾਤ ਨੂੰ ਕੋਈ ਵੀ ਆ-ਜਾ ਸਕਦਾ ਹੈ। ਕੰਟੇਨਮੈਂਟ ਜ਼ੋਨਾਂ ਵਿਚ ਸਖ਼ਤੀ 31 ਅਗਸਤ ਤੱਕ ਜਾਰੀ ਰਹੇਗੀ। ਸਵਿਮਿੰਗ ਪੂਲ, ਮਨੋਰੰਜਨ ਪਾਰਕ, ਆਡੀਟੋਰੀਅਮ, ਅਸੈਂਬਲੀ ਹਾਲਾਂ ਤੇ ਅਜਿਹੀਆਂ ਹੋਰ ਥਾਵਾਂ ’ਤੇ ਪਾਬੰਦੀਆਂ ਅਜੇ ਜਾਰੀ ਰਹਿਣਗੀਆਂ। ਸਮਾਜਿਕ, ਖੇਡ, ਮਨੋਰੰਜਨ, ਅਕਾਦਮਿਕ, ਸਭਿਆਚਾਰਕ ਇਕੱਤਰਤਾ ਤੇ ਹੋਰ ਵੱਡੇ ਇਕੱਠ ਵੀ 31 ਅਗਸਤ ਤੱਕ ਨਹੀਂ ਕੀਤੇ ਜਾ ਸਕਣਗੇ। ਪਾਬੰਦੀਆਂ ਵਾਲੀਆਂ ਸਾਰੀਆਂ ਗਤੀਵਿਧੀਆਂ ਨੂੰ ਮੁੜ ਸ਼ੁਰੂ ਕਰਨ ਲਈ ਤਾਰੀਕਾਂ ਵੱਖ ਤੋਂ ਤੈਅ ਕੀਤੀਆਂ ਜਾਣਗੀਆਂ। ਇਨ੍ਹਾਂ ਨੂੰ ਆਰੰਭਣ ਤੋਂ ਪਹਿਲਾਂ ਸਥਿਤੀ ਦੀ ਸਮੀਖ਼ਿਆ ਕੀਤੀ ਜਾਵੇਗੀ। ‘ਵੰਦੇ ਭਾਰਤ ਮਿਸ਼ਨ’ ਤਹਿਤ ਕੌਮਾਂਤਰੀ ਹਵਾਈ ਸੇਵਾ ਦੀ ਪ੍ਰਵਾਨਗੀ ਸੀਮਤ ਦਾਇਰੇ ਵਿਚ ਦਿੱਤੀ ਜਾ ਰਹੀ ਹੈ। ਬਾਕੀ ਗਤੀਵਿਧੀਆਂ ਦੀ ਇਜਾਜ਼ਤ ਵੀ ਹੌਲੀ-ਸਹਿਜੇ ਦਿੱਤੀ ਜਾਵੇਗੀ। ਲੋਕਾਂ ਅਤੇ ਵਸਤਾਂ ਦੀ ਅੰਤਰ-ਰਾਜੀ ਤੇ ਸੂਬਿਆਂ ਦੇ ਅੰਦਰ ਆਵਾਜਾਈ ਉਤੇ ਕੋਈ ਰੋਕ ਨਹੀਂ ਹੋਵੇਗੀ। ਇਸ ਲਈ ਕੋਈ ਈ-ਪਰਮਿਟ ਜਾਂ ਹੋਰ ਪ੍ਰਵਾਨਗੀ ਨਹੀਂ ਲੈਣੀ ਪਵੇਗੀ। ਨਵੀਆਂ ਹਦਾਇਤਾਂ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਲਾਹ ਮਗਰੋਂ ਜਾਰੀ ਕੀਤੀਆਂ ਗਈਆਂ ਹਨ। ਰੇਲਗੱਡੀਆਂ, ਹਵਾਈ ਜਹਾਜ਼ਾਂ ਤੇ ਸਮੁੰਦਰੀ ਰਸਤੇ ਘਰੇਲੂ ਜਾਂ ਕੌਮਾਂਤਰੀ ਸਫ਼ਰ ਕਰਨ ਵਾਲਿਆਂ ’ਤੇ ਪਹਿਲਾਂ ਤੋਂ ਹੀ ਜਾਰੀ ਹਦਾਇਤਾਂ ਲਾਗੂ ਰਹਿਣਗੀਆਂ। ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਗਤੀਵਿਧੀਆਂ ਦੀ ਇਜਾਜ਼ਤ ਦੇਣ ਬਾਰੇ ਸੂਬਾ ਸਰਕਾਰਾਂ ਫ਼ੈਸਲਾ ਲੈਣਗੀਆਂ। ਇਸੇ ਦੌਰਾਨ ਬਿਹਾਰ ਵਿਚ ਕਰੋਨਾਵਾਇਰਸ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਰਾਜ ਸਰਕਾਰ ਨੇ ਲੌਕਡਾਊਨ 16 ਅਗਸਤ ਤੱਕ ਵਧਾਉਣ ਦਾ ਫ਼ੈਸਲਾ ਕੀਤਾ ਹੈ। -ਪੀਟੀਆਈ