ਨਵੀਂ ਦਿੱਲੀ, 1 ਸਤੰਬਰ
ਕਰੈਡਿਟ ਕਾਰਡ ਜਾਰੀ ਕਰਨ ਵਾਲੀ ਕੰਪਨੀ ਐੱਸਬੀਆਈ ਕਾਰਡ ਐਂਡ ਪੇਅਮੈਂਟ ਸਰਵਿਸਿਜ਼ ਨੇ ਟੋਕਨ ਪ੍ਰਬੰਧ ਅਪਣਾਉਣ ਦੀ ਤਿਆਰੀ ਪੂਰੀ ਕਰ ਲਈ ਹੈ। ਅਕਤੂਬਰ ਤੋਂ ਜਾਰੀ ਹੋਣ ਵਾਲੇ ਇਸ ਪ੍ਰਬੰਧ ਦਾ ਮਕਸਦ ਲੋਕਾਂ ਨੂੰ ਧੋਖਾਧੜੀ ਤੋਂ ਬਚਾਉਣਾ ਅਤੇ ਅੰਕੜਿਆਂ ਦੀ ਚੋਰੀ ਨੂੰ ਰੋਕਣਾ ਹੈ। ਟੋਕਨ ਪ੍ਰਬੰਧ ਤਹਿਤ ਕਾਰਡ ਦੇ ਅਸਲ ਬਿਉਰੇ ਦੀ ਥਾਂ ’ਤੇ ਬਦਲਵੇਂ ਕੋਡ ਨੰਬਰ (ਟੋਕਨ ਨੰਬਰ) ਦੀ ਵਰਤੋਂ ਕੀਤੀ ਜਾਵੇਗੀ। ਭਾਰਤੀ ਰਿਜ਼ਰਵ ਬੈਂਕ ਦਾ ਇਹ ਪ੍ਰਬੰਧ ਲੈਣ-ਦੇਣ ਦੇ ਲਿਹਾਜ ਨਾਲ ਸੁਰੱਖਿਅਤ ਮੰਨਿਆ ਜਾਂਦਾ ਹੈ ਕਿਉਂਕਿ ਇਸ ’ਚ ਲੈਣ-ਦੇਣ ਸਮੇਂ ਕਾਰਡ ਦਾ ਅਸਲ ਬਿਉਰਾ ਵਪਾਰੀਆਂ ਨਾਲ ਸਾਂਝਾ ਨਹੀਂ ਕੀਤਾ ਜਾਂਦਾ ਹੈ। ਐੱਸਬੀਆਈ ਕਾਰਡ ਦੇ ਐੱਮਡੀ ਅਤੇ ਸੀਈਓ ਰਾਮ ਮੋਹਨ ਰਾਓ ਅਮਾਰਾ ਨੇ ਕਿਹਾ ਕਿ ਵੀਜ਼ਾ, ਮਾਸਟਰ ਕਾਰਡ ਅਤੇ ਰੂਪੇ ਜਿਹੇ ਸਾਰੇ ਨੈਟਵਰਕਾਂ ਨਾਲ ਉਹ ਰਲ ਕੇ ਕੰਮ ਕਰਨ ਲਈ ਤਿਆਰ ਹਨ। -ਪੀਟੀਆਈ