ਨਵੀਂ ਦਿੱਲੀ: ਦੇਸ਼ ’ਚ ਕੋਵਿਡ-19 ਦੀ ਸਭ ਤੋਂ ਵੱਧ ਵਰਤੀ ਜਾਣ ਵਾਲੀ ਵੈਕਸੀਨ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸਆਈਆਈ) ਨੇ ਅੱਜ ਕੋਵੀਸ਼ੀਲਡ ਵੈਕਸੀਨ ਦਾ ਮੁੱਲ ਸ਼ੁਰੂਆਤੀ ਕੀਮਤ ਮੁਕਾਬਲੇ ਡੇਢ ਗੁਣਾ ਤੈਅ ਕਰਨ ਦੇ ਫ਼ੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਸ਼ੁਰੂਆਤੀ ਕੀਮਤ ਅਗਾਊਂ ਫੰਡਿੰਗ ’ਤੇ ਆਧਾਰਿਤ ਸੀ ਅਤੇ ਹੁਣ ਉਸ ਨੂੰ ਉਤਪਾਦਨ ਸਮਰੱਥਾ ਵਧਾਉਣ ਲਈ ਵੱਧ ਨਿਵੇਸ਼ ਦੀ ਲੋੜ ਹੈ। ਐੱਸਆਈਆਈ ਨੇ ਕਿਹਾ, ‘ਭਾਰਤ ’ਚ ਵੈਕਸੀਨ ਦੀ ਕੀਮਤ ਅਤੇ ਆਲਮੀ ਕੀਮਤਾਂ ਵਿਚਾਲੇ ਗਲਤ ਤੁਲਨਾ ਕੀਤੀ ਗਈ ਹੈ। ਕੋਵੀਸ਼ੀਲਡ ਅੱਜ ਵੀ ਬਾਜ਼ਾਰ ’ਚ ਉਪਲੱਭਧ ਕੋਵਿਡ-19 ਦੀ ਸਭ ਤੋਂ ਸਸਤੀ ਵੈਕਸੀਨ ਹੈ।’ ਪੁਣੇ ਸਥਿਤ ਕੰਪਨੀ ਨੇ ਇਸ ਹਫ਼ਤੇ ਦੀ ਸ਼ੁਰੂਆਤ ’ਚ ਵੈਕਸੀਨ ਦੀ ਕੀਮਤ ਸੂਬਾ ਸਰਕਾਰਾਂ ਤੇ ਕੇਂਦਰ ਸਰਕਾਰ ਨਾਲ ਕਿਸੇ ਨਵੇਂ ਕਰਾਰ ਤਹਿਤ 400 ਰੁਪਏ ਪ੍ਰਤੀ ਖੁਰਾਕ ਅਤੇ ਨਿੱਜੀ ਹਸਪਤਾਲਾਂ ਲਈ 600 ਰੁਪਏ ਪ੍ਰਤੀ ਖੁਰਾਕ ਤੈਅ ਕੀਤੀ ਸੀ। ਕੰਪਨੀ ਇਸ ਸਮੇਂ ਕੇਂਦਰ ਸਰਕਾਰ ਨੂੰ 150 ਰੁਪਏ ਪ੍ਰਤੀ ਖੁਰਾਕ ਦੀ ਦਰ ਨਾਲ ਵੈਕਸੀਨ ਸਪਲਾਈ ਕਰ ਰਹੀ ਹੈ। -ਪੀਟੀਆਈ