ਤੁਰੂਵੇਕਰੇ (ਕਰਨਾਟਕ), 8 ਅਕਤੂਬਰ
ਕਰਨਾਟਕ ਵਿਚ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਪਾਰਟੀ ਆਗੂ ਰਾਹੁਲ ਗਾਂਧੀ ਨੇ ਸਾਵਰਕਰ ਤੇ ਆਰਐੱਸਐੱਸ ’ਤੇ ਨਿਸ਼ਾਨਾ ਸੇਧਿਆ ਹੈ। ਉਨ੍ਹਾਂ ਇਕ ਰੈਲੀ ਵਿਚ ਕਿਹਾ ਕਿ ਸਾਵਰਕਰ ਆਜ਼ਾਦੀ ਦੇ ਸੰਗਰਾਮ ਦੌਰਾਨ ਬਰਤਾਨਵੀ ਸਾਮਰਾਜ (ਅੰਗਰੇਜ਼ਾਂ) ਲਈ ਕੰਮ ਕਰਦੇ ਰਹੇ ਤੇ ਬਦਲੇ ’ਚ ਪੈਸੇ ਲੈਂਦੇ ਰਹੇ। ਕਾਂਗਰਸ ਆਗੂ ਨੇ ਨਾਲ ਹੀ ਦੋਸ਼ ਲਾਇਆ ਕਿ ਆਰਐੱਸਐੱਸ (ਰਾਸ਼ਟਰੀ ਸਵੈਮ ਸੇਵਕ ਸੰਘ) ਨੇ ਵੀ ਬ੍ਰਿਟਿਸ਼ ਰਾਜ ਦੀ ਹਮਾਇਤ ਕੀਤੀ ਸੀ। ਗਾਂਧੀ ਨੇ ਇਹ ਟਿੱਪਣੀਆਂ ਸ਼ਨਿਚਰਵਾਰ ਕੀਤੀਆਂ ਤੇ ਕਿਹਾ ਕਿ ਕਾਂਗਰਸ ਪਾਰਟੀ ਉਨ੍ਹਾਂ ਖ਼ਿਲਾਫ਼ ਸੰਘਰਸ਼ ਵਿਚ ਯਕੀਨ ਰੱਖਦੀ ਹੈ ਜੋ ਨਫ਼ਰਤ ਫੈਲਾਉਂਦੇ ਹਨ।
ਰਾਹੁਲ ਗਾਂਧੀ ਨੇ ਕਿਹਾ, ‘ਮੈਂ ਹਮੇਸ਼ਾ ਇਕ ਵਿਸ਼ੇਸ਼ ਵਿਚਾਰ ਲਈ ਖੜ੍ਹਾ ਰਿਹਾ ਹਾਂ, ਇਹੀ ਭਾਜਪਾ ਤੇ ਆਰਐੱਸਐੱਸ ਨੂੰ ਚੁਭਦਾ ਹੈ। ਮੇਰੀ ਇਕ ਖਾਸ ਤਰ੍ਹਾਂ ਦੀ ਪਛਾਣ ਲੋਕਾਂ ਸਾਹਮਣੇ ਘੜਨ ਲਈ ਕਰੋੜਾਂ ਰੁਪਏ ਮੀਡੀਆ ਉਤੇ ਖ਼ਰਚੇ ਗਏ ਹਨ, ਊਰਜਾ ਲਾਈ ਗਈ ਹੈ, ਪਰ ਇਹ ਸਭ ਗਲਤ ਤੇ ਝੂਠਾ ਹੈ। ਇਹ ਅੱਗੋਂ ਵੀ ਜਾਰੀ ਰਹੇਗਾ ਕਿਉਂਕਿ ਕੂੜ ਪ੍ਰਚਾਰ ਕਰ ਰਹੀ ਮਸ਼ੀਨਰੀ ਵਿੱਤੀ ਤੌਰ ’ਤੇ ਮਜ਼ਬੂਤ ਹੈ ਤੇ ਇਸ ਨੂੰ ਲਗਾਤਾਰ ਤੇਲ ਦਿੱਤਾ ਜਾ ਰਿਹਾ ਹੈ।’
ਜ਼ਿਕਰਯੋਗ ਹੈ ਕਿ ਕਾਂਗਰਸ ਦਾਅਵਾ ਕਰਦੀ ਹੈ ਕਿ ਉਨ੍ਹਾਂ ਦੀ ਭਾਰਤ ਜੋੜੋ ਯਾਤਰਾ ਭਾਜਪਾ ਵੱਲੋਂ ਕੀਤੀ ਜਾ ਰਹੀ ਵੰਡਪਾਊ ਸਿਆਸਤ ਦੇ ਖ਼ਿਲਾਫ਼ ਹੈ। ਕਾਂਗਰਸ ਮੁਤਾਬਕ ਉਹ ਲੋਕਾਂ ਨੂੰ ਆਰਥਿਕ ਨਾ-ਬਰਾਬਰੀ, ਸਮਾਜਿਕ ਧਰੁਵੀਕਰਨ ਤੇ ਸਿਆਸੀ ਕੇਂਦਰੀਕਰਨ ਬਾਰੇ ਜਾਗਰੂਕ ਕਰ ਰਹੇ ਹਨ। ਯਾਤਰਾ ਇਸ ਵੇਲੇ ਕਰਨਾਟਕ ਵਿਚੋਂ ਗੁਜ਼ਰ ਰਹੀ ਹੈ ਤੇ ਸ਼ੁਰੂ ਹੋਈ ਨੂੰ 31 ਦਿਨ ਹੋ ਚੁੱਕੇ ਹਨ। ਰਾਹੁਲ ਗਾਂਧੀ ਦੇ ਨਾਲ ਵੱਡੀ ਗਿਣਤੀ ਪਾਰਟੀ ਆਗੂ ਤੇ ਵਰਕਰ ਇਸ ਯਾਤਰਾ ਵਿਚ ਹਿੱਸਾ ਲੈ ਰਹੇ ਹਨ। -ਏਐੱਨਆਈ
ਖੜਗੇ ਤੇ ਥਰੂਰ ਰਿਮੋਟ ਕੰਟਰੋਲ ਨਾਲ ਨਹੀਂ ਚਲਾਏ ਜਾ ਸਕਦੇ: ਰਾਹੁਲ
ਤੁਰੂਵੇਕਰ: ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਜਦੋਂ ਮਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਮੈਦਾਨ ’ਚ ਹਨ ਤਾਂ ਰਾਹੁਲ ਗਾਂਧੀ ਨੇ ਦੋਵੇਂ ਆਗੂਆਂ ਨੂੰ ਕੱਦਾਵਰ ਦੱਸਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਗਾਂਧੀ ਪਰਿਵਾਰ ਦਾ ਰਿਮੋਟ ਕੰਟਰੋਲ ਆਖਣਾ ਅਪਮਾਨਜਨਕ ਹੈ। ਭਾਰਤ ਜੋੜੋ ਯਾਤਰਾ ਦੌਰਾਨ ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਹੇਠ ਕੀਤੀ ਜਾ ਰਹੀ ਸਿਆਸਤ, ਬੇਰੁਜ਼ਗਾਰੀ, ਮਹਿੰਗਾਈ ਅਤੇ ਆਰਥਿਕ ਨਾਬਰਾਬਰੀ ਤੋਂ ਲੋਕ ਥੱਕ ਚੁੱਕੇ ਹਨ ਜਿਸ ਤੋਂ ਤੰਗ ਆ ਕੇ ਲੱਖਾਂ ਲੋਕਾਂ ਨੇ ਯਾਤਰਾ ’ਚ ਸ਼ਮੂਲੀਅਤ ਕੀਤੀ ਹੈ। ਕਾਂਗਰਸ ਦੀ ਚੋਣ ਨਾ ਲੜਨ ਬਾਰੇ ਪੁੱਛੇ ਜਾਣ ’ਤੇ ਰਾਹੁਲ ਨੇ ਕਿਹਾ ਕਿ ਉਨ੍ਹਾਂ ਜਦੋਂ 2019 ’ਚ ਅਹੁਦਾ ਛੱਡਿਆ ਸੀ ਤਾਂ ਉਸ ’ਚ ਇਸ ਸਬੰਧੀ ਕਾਰਨ ਦੱਸੇ ਸਨ। ਕਾਂਗਰਸ ਆਗੂ ਨੇ ਕਿਹਾ ਕਿ ਉਹ ਤਪੱਸਿਆ ’ਚ ਯਕੀਨ ਰਖਦੇ ਹਨ ਅਤੇ ਉਹ ਲੋਕਾਂ ਨਾਲ ਸੰਪਰਕ ਬਣਾ ਕੇ ਉਨ੍ਹਾਂ ਦੇ ਦੁੱਖਾਂ ਨੂੰ ਜਾਣਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਨਵੀਂ ਸਿੱਖਿਆ ਨੀਤੀ ਦਾ ਵਿਰੋਧ ਕਰ ਰਹੀ ਹੈ ਕਿਉਂਕਿ ਇਹ ਮੁਲਕ ਦੇ ਇਤਿਹਾਸ ਅਤੇ ਸੱਭਿਆਚਾਰ ’ਤੇ ਹਮਲਾ ਹੈ। ਕਰਨਾਟਕ ’ਚ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ ਅਤੇ ਡੀ ਕੇ ਸ਼ਿਵਕੁਮਾਰ ਵਿਚਕਾਰ ਟਕਰਾਅ ਬਾਰੇ ਰਾਹੁਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਫਾਸ਼ੀਵਾਦੀ ਨਹੀਂ ਹੈ ਅਤੇ ਉਹ ਵਾਰਤਾ ’ਚ ਯਕੀਨ ਰਖਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਰਨਾਟਕ ’ਚ ਵਿਧਾਨ ਸਭਾ ਚੋਣਾਂ ਜਿੱਤਣੀਆਂ ਹਨ ਤਾਂ ਸਾਰਿਆਂ ਨੂੰ ਰਲ ਕੇ ਕੰਮ ਕਰਨਾ ਪਵੇਗਾ। ਰਾਹੁਲ ਨੇ ਕਿਹਾ ਕਿ ਯਾਤਰਾ ਦਾ ਮਕਸਦ 2024 ਦੀਆਂ ਲੋਕ ਸਭਾ ਚੋਣਾਂ ਨਹੀਂ ਸਗੋਂ ਭਾਰਤ ਨੂੰ ਜੋੜਨਾ ਹੈ। -ਪੀਟੀਆਈ
ਆਰਐੱਸਐੱਸ ਵੱਲੋਂ ਰਾਹੁਲ ਦੀਆਂ ਟਿੱਪਣੀਆਂ ਝੂਠੀਆਂ ਕਰਾਰ
ਵਾਰਾਨਸੀ: ਸਾਵਰਕਰ ਤੇ ਆਰਐੱਸਐੱਸ ਬਾਰੇ ਰਾਹੁਲ ਗਾਂਧੀ ਦੀਆਂ ਟਿੱਪਣੀਆਂ ’ਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਆਗੂ ਇੰਦਰੇਸ਼ ਕੁਮਾਰ ਨੇ ਅੱਜ ਕਿਹਾ ਕਿ ਕਾਂਗਰਸ ਆਗੂ ਦੇ ਬਿਆਨਾਂ ਵਿਚੋਂ ਸਿਆਸਤ ’ਚ ਮਿਲੀ ਨਾਕਾਮੀ ਝਲਕਦੀ ਹੈ। ਉਨ੍ਹਾਂ ਕਿਹਾ ਕਿ ਸਾਵਰਕਰ ਤੇ ਸੰਘ ਬਾਰੇ ਰਾਹੁਲ ਦੀਆਂ ਟਿੱਪਣੀਆਂ ਬਿਲਕੁਲ ਝੂਠੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਲਈ ਆਰਐੱਸਐੱਸ ਤੇ ਸਾਵਰਕਰ ’ਤੇ ਝੂਠੇ ਦੋਸ਼ ਲਾਉਣਾ ਫੈਸ਼ਨ ਬਣਦਾ ਜਾ ਰਿਹਾ ਹੈ। ਕੁਮਾਰ ਨੇ ਕਿਹਾ ਕਿ ਸਾਵਰਕਰ ਆਜ਼ਾਦੀ ਘੁਲਾਟੀਏ ਸਨ ਤੇ ਬਰਤਾਨਵੀ ਹਕੂਮਤ ਨੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਝੂਠ ਬੋਲਣਾ ਬੰਦ ਕਰ ਦੇਣਾ ਚਾਹੀਦਾ ਹੈ। ਸੰਘ ਦੇ ਆਗੂ ਨੇ ਕਿਹਾ ਕਿ ਕਾਂਗਰਸ ਨੇ ਮੁਲਕ ਨੂੰ ਵੰਡਿਆ। ਭਾਰਤ ਦੀ ਵੰਡ ਮੌਕੇ ਨਹਿਰੂ ਨੇ ਬਰਤਾਨਵੀ ਸ਼ਾਸਨ ਦਾ ਸਮਰਥਨ ਕੀਤਾ। ਸੰਘ ਦੇ ਆਗੂ ਨੇ ਕਿਹਾ ਕਿ ‘ਇਹ ਅਸਲ ਵਿਚ ਨਹਿਰੂ ਪਰਿਵਾਰ ਹੈ, ਗਾਂਧੀ ਪਰਿਵਾਰ ਨਹੀਂ ਹੈ।’ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਹਮੇਸ਼ਾ ਤੱਥਾਂ ਤੋਂ ਬਾਹਰ ਜਾ ਕੇ ਗੱਲ ਕਰਦੇ ਹਨ। -ਏਐੱਨਆਈ
ਕਾਂਗਰਸ ਉੱਤਰ-ਪੂਰਬ ਦੀ ਹੋਂਦ ਨੂੰ ਭੁੱਲੀ: ਸ਼ਾਹ
ਗੁਹਾਟੀ: ਇੱਥੇ ਪਾਰਟੀ ਦਫ਼ਤਰ ਦੇ ਉਦਘਾਟਨ ਮਗਰੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਉੱਤੇ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ ਕਿ 1962 ਦੀ ਭਾਰਤ-ਚੀਨ ਜੰਗ ਤੋਂ ਬਾਅਦ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਅਸਾਮ ਨੂੰ ਅਲਵਿਦਾ ਕਹਿ ਦਿੱਤਾ ਸੀ ਤੇ ਉਸ ਤੋਂ ਬਾਅਦ ਕਾਂਗਰਸ ਉੱਤਰ-ਪੂਰਬ ਦੀ ਹੋਂਦ ਨੂੰ ਹੀ ਭੁੱਲ ਗਈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਚੁੱਪ ਕਰ ਕੇ ਉੱਤਰ-ਪੂਰਬ ਨੂੰ ਤੋੜਨ ਦੇ ਯਤਨਾਂ ਨੂੰ ਦੇਖਦੀ ਰਹੀ ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ-ਪੂਰਬ ਨੂੰ ਜੋੜਨ ਲਈ ਕੰਮ ਕੀਤਾ। -ਪੀਟੀਆਈ
ਕਾਂਗਰਸ ਪ੍ਰਧਾਨ ਦੀ ਚੋਣ: ਰਾਹੁਲ ਅਤੇ ਹੋਰ ਆਗੂ ਕਰਨਾਟਕ ’ਚ ਹੀ ਪਾਉਣਗੇ ਵੋਟਾਂ
ਤੁਰੂਵੇਕਰੇ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ 40 ਹੋਰ ਆਗੂ ਪਾਰਟੀ ਪ੍ਰਧਾਨ ਦੀ ਚੋਣ ’ਚ ਭਾਰਤ ਜੋੜੋ ਯਾਤਰਾ ਦੌਰਾਨ ਕਰਨਾਟਕ ਦੇ ਬੇਲਾਰੀ ’ਚ 17 ਅਕਤੂਬਰ ਨੂੰ ਵੋਟਾਂ ਪਾਉਣਗੇ। ਉਸ ਦਿਨ ਭਾਰਤ ਜੋੜੋ ਯਾਤਰਾ ਨਹੀਂ ਹੋਵੇਗੀ। ਸੀਨੀਅਰ ਕਾਂਗਰਸ ਆਗੂਆਂ ਮਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਵਿਚਕਾਰ ਸਿੱਧਾ ਮੁਕਾਬਲਾ ਹੈ। ਏਆਈਸੀਸੀ ਦੇ ਜਨਰਲ ਸਕੱਤਰ (ਸੰਚਾਰ) ਜੈਰਾਮ ਰਮੇਸ਼ ਨੇ ਕਿਹਾ ਕਿ ਕੇਂਦਰੀ ਚੋਣ ਅਥਾਰਿਟੀ ਨੇ ਬੇਲਾਰੀ ’ਚ ਕੈਂਪ ਵਾਲੀ ਥਾਂ ’ਤੇ ਪੋਲਿੰਗ ਬੂਥ ਸਥਾਪਤ ਕਰਨ ਦਾ ਫ਼ੈਸਲਾ ਲਿਆ ਹੈ। ਵੋਟਾਂ ਦੀ ਗਿਣਤੀ 19 ਅਕਤੂਬਰ ਨੂੰ ਹੋਵੇਗੀ ਅਤੇ ਉਸੇ ਦਿਨ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲ ਜਾਵੇਗਾ। -ਪੀਟੀਆਈ