ਨਵੀਂ ਦਿੱਲੀ, 7 ਜੂਨ
ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਪਿੱਛੇ ਪਏ ਹੋਏ ਹਨ। ਜ਼ਿਕਰਯੋਗ ਹੈ ਕਿ ਈਡੀ ਨੇ ਸੋਮਵਾਰ ਨੂੰ ਕਿਹਾ ਸੀ ਕਿ ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲੇ ਦੀ ਜਾਂਚ ਦੌਰਾਨ ਦਿੱਲੀ ਸਰਕਾਰ ਦੇ ਮੰਤਰੀ ਸਤਿੰਦਰ ਜੈਨ ਅਤੇ ਉਨ੍ਹਾਂ ਨਾਲ ਜੁੜੇ ਕੁਝ ਲੋਕਾਂ ਦੇ ਖ਼ਿਲਾਫ਼ ਛਾਪੇ ਦੌਰਾਨ 2.85 ਕਰੋੜ ਰੁਪਏ ਨਕਦ ਅਤੇ ਸੋਨੇ ਦੇ 133 ਸਿੱਕੇ ਜ਼ਬਤ ਕੀਤੇ ਗਏ ਸਨ। ਕੇਜਰੀਵਾਲ ਨੇ ਟਵਿੱਟਰ ’ਤੇ ਜੈਨ ਖ਼ਿਲਾਫ਼ ਲੱਗੇ ਦੋਸ਼ਾਂ ਨੂੰ ‘ਝੂਠ’ ਕਰਾਰ ਦਿੱਤਾ ਹੈ। ਉਨ੍ਹਾਂ ਨੇ ਟਵੀਟ ਕੀਤਾ ‘ਇਸ ਸਮੇਂ, ਪ੍ਰਧਾਨ ਮੰਤਰੀ ਆਪਣੀ ਸਾਰੀ ਸ਼ਕਤੀ ਨਾਲ ਆਮ ਆਦਮੀ ਪਾਰਟੀ ਦੇ ਪਿੱਛੇ ਪਏ ਹਨ — ਖਾਸਕਰ ਦਿੱਲੀ ਅਤੇ ਪੰਜਾਬ ਦੀਆਂ ਸਰਕਾਰਾਂ ਦੇ। ਝੂਠ ਦੇ ਬਾਅਦ ਝੂਠ, ਝੂਠ ਦੇ ਬਾਅਦ ਝੂਠ। ਪ੍ਰਧਾਨ ਮੰਤਰੀ ਕੋਲ ਸਾਰੀਆਂ ਏਜੰਸੀਆਂ ਦੀ ਤਾਕਤ ਹੈ, ਪਰ ਭਗਵਾਨ ਸਾਡੇ ਨਾਲ ਹੈ।’ ਈਡੀ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਜੈਨ ਤੇ ਉਨ੍ਹਾਂ ਨਾਲ ਜੁੜੇ ਲੋਕਾਂ ਤੋਂ ਬਰਾਮਦ ਹੋਈ ਬਿਨਾਂ ‘ਬਿਓਰੇ’ ਵਾਲੀ ਨਕਦੀ ਤੇ ਸੋਨੇ ਦੇ ਸਿੱਕਿਆਂ ਨੂੰ ‘ਗੁਪਤ’ ਥਾਂ ’ਤੇ ਰੱਖਿਆ ਗਿਆ ਹੈ। ਇਹ ਵੀ ਦੱਸਣਸੋਗ ਹੈ ਕਿ ਸਤਿੰਦਰ ਜੈਨ ਨੂੰ 30 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ 9 ਜੂਨ ਤੱਕ ਈਡੀ ਦੀ ਹਿਰਾਸਤ ਵਿੱਚ ਹਨ। -ਪੀਟੀਆਈ