ਗੁਹਾਟੀ, 22 ਜੂਨ
ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੀ ਪਤਨੀ ਰਿੰਕੀ ਭੁਇਆ ਸਰਮਾ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਤੇ ‘ਆਪ’ ਆਗੂ ਮਨੀਸ਼ ਸਿਸੋਦੀਆ ’ਤੇ 100 ਕਰੋੜ ਰੁਪਏ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ। ਸਿਸੋਦੀਆ ਨੇ ਸਰਮਾ ਉਤੇ ਪੀਪੀਈ ਕਿੱਟਾਂ ਦੀ ਖ਼ਰੀਦ ਵਿਚ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸਨ। ਸਰਮਾ ਨੇ ਕਾਮਰੂਪ ਮੈਟਰੋਪੌਲਿਟਨ ਜ਼ਿਲ੍ਹੇ ਦੇ ਸਿਵਿਲ ਜੱਜ ਦੀ ਅਦਾਲਤ ਵਿਚ ਇਹ ਮੁਕੱਦਮਾ ਕੀਤਾ ਹੈ ਤੇ 100 ਕਰੋੜ ਰੁਪਏ ਹਰਜਾਨਾ ਮੰਗਿਆ ਹੈ। ਜ਼ਿਕਰਯੋਗ ਹੈ ਕਿ ਸਿਸੋਦੀਆ ਨੇ 4 ਜੂਨ ਨੂੰ ਦਿੱਲੀ ਵਿਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਅਸਾਮ ਦੇ ਮੁੱਖ ਮੰਤਰੀ ਨੇ ਬਾਜ਼ਾਰੀ ਮੁੱਲ ਤੋਂ ਉਤੇ ਪੀਪੀਈ ਕਿੱਟਾਂ ਖ਼ਰੀਦਣ ਦਾ ਠੇਕਾ ਦਿੱਤਾ ਸੀ। ਮੁੱਖ ਮੰਤਰੀ ਦੀ ਪਤਨੀ ਨੇ ਕਿਹਾ ਹੈ ਕਿ ਸਿਸੋਦੀਆ ਦੇ ਬਿਆਨਾਂ ਨਾਲ ‘ਉਨ੍ਹਾਂ ਦੀ ਸਾਖ਼ ਤੇ ਅਹੁਦੇ ਨੂੰ ਸੱਟ ਵੱਜੀ ਹੈ’। ਰਿੰਕੀ ਨੇ ਨਾਲ ਹੀ ਕਿਹਾ ਕਿ ਸਿਸੋਦੀਆ ਨੇ ‘ਬੇਵਜ੍ਹਾ ਮੁੱਖ ਮੰਤਰੀ ਸਰਮਾ ਦਾ ਨਾਂ ਇਸ ਵਿਵਾਦ ਵਿਚ ਘੜੀਸਿਆ ਹੈ। ਇਸ ਲਈ ਅਸੀਂ ਹਰਜਾਨਾ ਮੰਗ ਰਹੇ ਹਾਂ।’ ਸਿਸੋਦੀਆ ਨੇ ਕੁਝ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਇਕ ਪਾਸੇ ਅਸਾਮ ਸਰਕਾਰ ਨੇ ਪੀਪੀਈ ਕਿੱਟਾਂ ਦੂਜੀਆਂ ਕੰਪਨੀਆਂ ਤੋਂ 600 ਰੁਪਏ ਵਿਚ ਖ਼ਰੀਦੀਆਂ ਸਨ, ਜਦਕਿ ਦੂਜੇ ਪਾਸੇ ਮੁੱਖ ਮੰਤਰੀ ਨੇ ਆਪਣੀ ਪਤਨੀ ਤੇ ਉਨ੍ਹਾਂ ਦੇ ਪੁੱਤਰ ਦੇ ਕਾਰੋਬਾਰੀ ਭਾਈਵਾਲਾਂ ਨੂੰ ਕਿੱਟਾਂ ਦੀ ਫੌਰੀ ਸਪਲਾਈ ਲਈ ਪ੍ਰਤੀ ਕਿੱਟ 990 ਰੁਪਏ ਅਦਾ ਕੀਤੇ। ਵਿਰੋਧੀ ਧਿਰ ਕਾਂਗਰਸ, ਸੀਪੀਆਈ, ਸੀਪੀਐਮ, ਸੀਪੀਆਈ (ਐਮਐਲ) ਲਬਿਰੇਸ਼ਨ, ਆਰਸੀਪੀਆਈ, ਟੀਐਮਸੀ ਤੇ ਹੋਰ ਇਸ ਮਾਮਲੇ ਵਿਚ ਸੀਬੀਆਈ ਜਾਂਚ ਦੀ ਮੰਗ ਕਰ ਚੁੱਕੇ ਹਨ। ਦੱਸਣਯੋਗ ਹੈ ਕਿ ਪਹਿਲੀ ਜੂਨ ਨੂੰ ਦਿੱਲੀ ਦੇ ਮੀਡੀਆ ਅਦਾਰੇ- ‘ਦਿ ਵਾਇਰ’ ਅਤੇ ਗੁਹਾਟੀ ਅਧਾਰਿਤ ‘ਦਿ ਕਰਾਸਕਰੰਟ’ ਨੇ ਇਕ ਸਾਂਝੀ ਖੋਜੀ ਰਿਪੋਰਟ ਵਿਚ ਦਾਅਵਾ ਕੀਤਾ ਸੀ ਕਿ ਅਸਾਮ ਸਰਕਾਰ ਨੇ ਬਿਨਾਂ ਢੁੱਕਵੀਂ ਪ੍ਰਕਿਰਿਆ ਦਾ ਪਾਲਣ ਕੀਤਿਆਂ ਕੋਵਿਡ ਨਾਲ ਸਬੰਧਤ ਚਾਰ ਐਮਰਜੈਂਸੀ ਮੈਡੀਕਲ ਸਪਲਾਈ ਆਰਡਰ ਜਾਰੀ ਕੀਤੇ ਹਨ। ਮੀਡੀਆ ਅਦਾਰਿਆਂ ਨੇ ਆਪਣੀ ਰਿਪੋਰਟ ਨਾਲ ਆਰਟੀਆਈ ਤਹਿਤ ਮਿਲੇ ਜਵਾਬਾਂ ਦਾ ਹਵਾਲਾ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ 18 ਮਾਰਚ ਤੋਂ 23 ਮਾਰਚ 2020 ਤੱਕ ਦਿੱਤੇ ਗਏ ਕੰਟਰੈਕਟ ਰਿੰਕੀ ਦੀ ਮਾਲਕੀ ਵਾਲੀਆਂ ਫਰਮਾਂ ਨੂੰ ਮਿਲੇ ਸਨ। ਕੁਝ ਸਰਮਾ ਪਰਿਵਾਰ ਦੇ ਕਾਰੋਬਾਰੀ ਭਾਈਵਾਲਾਂ ਨੂੰ ਵੀ ਮਿਲੇ ਸਨ। ਰਿੰਕੀ ਨੇ ਇਕ ਟਵੀਟ ’ਚ ਕਿਹਾ ਸੀ ਕਿ ਉਨ੍ਹਾਂ ਪੀਪੀਈ ਕਿੱਟਾਂ ਦੀ ਸਪਲਾਈ ’ਚ ਕੋਈ ਘਪਲਾ ਨਹੀਂ ਕੀਤਾ ਤੇ ‘ਇਕ ਵੀ ਰੁਪਿਆ’ ਨੈਸ਼ਨਲ ਹੈਲਥ ਮਿਸ਼ਨ’ ਤੋਂ ਨਹੀਂ ਲਿਆ। ਮੌਜੂਦਾ ਅਸਾਮ ਸਰਕਾਰ ਤੇ ਸਰਮਾ ਨੇ ਵੀ ਵੱਖਰੇ ਤੌਰ ’ਤੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। -ਪੀਟੀਆਈ