ਨਵੀਂ ਦਿੱਲੀ/ਮੁੰਬਈ: ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਭ੍ਰਿਸ਼ਟਾਚਾਰ ਦੇ ਕੇਸ ’ਚ ਪੁੱਛ-ਪੜਤਾਲ ਲਈ ਅੱਜ ਮੁੰਬਈ ’ਚ ਐੱਨਫੋਰਸਮੈਂਟ ਡਾਇਰੈਕਟੋਰੇਟ ਅੱਗੇ ਪੇਸ਼ ਨਹੀਂ ਹੋਏ। ਉਨ੍ਹਾਂ ਸੰਸਦ ਦੇ ਚੱਲ ਰਹੇ ਇਜਲਾਸ ਦਾ ਹਵਾਲਾ ਦਿੱਤਾ। ਇਸ ਦੌਰਾਨ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਅੱਜ ਈਡੀ ਅੱਗੇ ਪੇਸ਼ ਹੋਵੇਗੀ। ਕਾਂਗਰਸ ਨੇ ਦੇਸ਼ ਵਿੱਚ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ।
ਰਾਜ ਸਭਾ ਮੈਂਬਰ ਦੇ ਵਕੀਲਾਂ ਨੇ ਮੁੰਬਈ ’ਚ ਈਡੀ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਰਾਊਤ ਵੱਲੋਂ ਸੰਮਨ ਦਾ ਲਿਖਤੀ ਜਵਾਬ ਸੌਂਪਿਆ ਅਤੇ ਪੇਸ਼ੀ ਲਈ ਅਗਸਤ ਦੇ ਪਹਿਲੇ ਹਫ਼ਤੇ ਤੋਂ ਬਾਅਦ ਦਾ ਸਮਾਂ ਮੰਗਿਆ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਏਜੰਸੀ ਰਾਊਤ ਦੀ ਕਾਨੂੰਨੀ ਟੀਮ ਵੱਲੋਂ ਦਿੱਤੀਆਂ ਗਈਆਂ ਦਲੀਲਾਂ ਨੂੰ ਘੋਖਣ ਮਗਰੋਂ ਪੇਸ਼ੀ ਲਈ ਕੋਈ ਨਵੀਂ ਤਰੀਕ ਜਾਰੀ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਰਾਊਤ ਮੁੰਬਈ ਦੇ ਜ਼ੋਨਲ ਦਫ਼ਤਰ ’ਚ ਪੇਸ਼ ਨਹੀਂ ਹੋ ਸਕਦੇ ਕਿਉਂਕਿ ਉਹ ਸੰਸਦ ਦੇ ਇਜਲਾਸ ’ਚ ਹਾਜ਼ਰੀ ਭਰ ਰਹੇ ਹਨ। ਸ਼ਿਵ ਸੈਨਾ ਆਗੂ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਉਸ ਨੂੰ ਸਿਆਸੀ ਬਦਲਾਖੋਰੀ ਤਹਿਤ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਰਾਊਤ ਨੂੰ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਦਾ ਵਫ਼ਾਦਰ ਮੰਨਿਆ ਜਾਂਦਾ ਹੈ, ਜਿਨ੍ਹਾਂ ਨੂੰ ਹੁਣ ਜਿਹੇ ਸ਼ਿਵ ਸੈਨਾ ’ਚ ਬਗ਼ਾਵਤ ਮਗਰੋਂ ਅਹੁਦੇ ਤੋਂ ਲਾਂਭੇ ਹੋਣਾ ਪਿਆ ਹੈ। ਇਸ ਤੋਂ ਪਹਿਲਾਂ ਰਾਊਤ ਤੋਂ ਪਹਿਲੀ ਜੁਲਾਈ ਨੂੰ ਭ੍ਰਿਸ਼ਟਾਚਾਰ ਕੇਸ ’ਚ 10 ਘੰਟਿਆਂ ਤੱਕ ਪੁੱਛ-ਪੜਤਾਲ ਕੀਤੀ ਗਈ ਸੀ। -ਪੀਟੀਆਈ