ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 29 ਸਤੰਬਰ
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨਾਂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਨੂੰ ਉੱਤਰੀ ਰਾਜਾਂ ਸਮੇਤ ਦੇਸ਼ ਦੇ ਹੋਰ ਹਿੱਸਿਆਂ ਤੋਂ ਮਿਲੇ ਜ਼ਬਰਦਸਤ ਹੁੰਗਾਰੇ ਮਗਰੋਂ ਮੋਰਚੇ ਵੱਲੋਂ ਅਗਲੀ ਰਣਨੀਤੀ ਉਲੀਕਣ ਲਈ ਹੋਰ ਰਾਜਾਂ ਦੀਆਂ ਯੂਨੀਅਨਾਂ ਨਾਲ ਬੈਠਕਾਂ ਦਾ ਦੌਰ ਅਗਲੇ ਦਿਨਾਂ ਦੌਰਾਨ ਚਲਾਇਆ ਜਾਵੇਗਾ। ਭਾਰਤ ਬੰਦ ਦੌਰਾਨ ਬਿਹਾਰ ਤੋਂ ਭਰਪੂਰ ਹੁੰਗਾਰਾ ਮਿਲਿਆ ਸੀ ਜਿਸ ਕਰਕੇ ਬਿਹਾਰ ਦੀਆਂ ਕਿਸਾਨ ਜਥੇਬੰਦੀਆਂ ਨਾਲ ਪਟਨਾ ਵਿੱਚ 9 ਅਕਤੂਬਰ ਨੂੰ ਬੈਠਕ ਬੁਲਾਈ ਜਾਵੇਗੀ। ਅਗਲੀ ਰਣਨੀਤੀ ਉਲੀਕਣ ਸਮੇਤ ਸੰਯੁਕਤ ਕਿਸਾਨ ਮੋਰਚੇ ਦੀ ਸੂਬਾ ਇਕਾਈ ਬਣਾਉਣ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਸੇ ਤਰ੍ਹਾਂ ਕਰਨਾਟਕ ਤਾਲਮੇਲ ਕਮੇਟੀ ਦੀ ਬੈਠਕ 7 ਅਕਤੂਬਰ ਨੂੰ ਬੰਗਲੂਰੂ ਵਿੱਚ ਹੋਵੇਗੀ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਹੋਰ ਰਾਜਾਂ ਵਿੱਚ ਮੋਰਚੇ ਦੀ ਮਜ਼ਬੂਤੀ ਲਈ ਕੀਤੇ ਐਲਾਨਾਂ ਨੂੰ ਅਮਲੀ ਜਾਮਾ ਪੁਆਉਣ ਲਈ ਅਗਲੇ ਦਿਨਾਂ ਦੌਰਾਨ ਸਰਗਰਮੀਆਂ ਦਾ ਦੌਰ ਚੱਲੇਗਾ। ਉਨ੍ਹਾਂ ਦੱਸਿਆ ਕਿ ਕਿਸਾਨ ਜਥੇਬੰਦੀਆਂ ਨੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਇੱਕ ਪ੍ਰੋਗਰਾਮ ਦੌਰਾਨ ਕਿਸਾਨਾਂ ਨੂੰ ਕਥਿਤ ਧਮਕੀਆਂ ਦਿੱਤੇ ਜਾਣ ’ਤੇ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਮਿਸ਼ਨ ਤਹਿਤ ਗੰਨਾ ਉਤਪਾਦਕ ਕਿਸਾਨਾਂ ਵੱਲੋਂ ਗੰਨੇ ਦੀਆਂ ਕੀਮਤਾਂ ਵਿੱਚ ਮਾਮੂਲੀ ਵਾਧੇ ਵਿਰੁੱਧ ਪ੍ਰਦਰਸ਼ਨ ਜਾਰੀ ਹਨ। ਬੀਕੇਯੂ ਦੇ ਬੁਲਾਰੇ ਰਾਕੇਸ਼ ਟਿਕੈਤ ਵੱਲੋਂ ਸਰਗਰਮੀਆਂ ਵਧਾਈਆਂ ਜਾ ਰਹੀਆਂ ਹਨ।