ਮੁੰਬਈ, 7 ਨਵੰਬਰ
ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੇ ਐੱਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ’ਤੇ ਦੋਸ਼ ਲਾਇਆ ਕਿ ਉਹ ਫਿਰੌਤੀ ਲਈ ਬੌਲੀਵੁੱਡ ਅਦਾਕਾਰ ਸ਼ਾਹਰੁੱਖ ਖ਼ਾਨ ਦੇ ਲੜਕੇ ਆਰੀਅਨ ਖ਼ਾਨ ਨੂੰ ਅਗਵਾ ਕਰਨ ਦੀ ਸਾਜ਼ਿਸ਼ ਦਾ ਹਿੱਸਾ ਸੀ। ਉਨ੍ਹਾਂ ਸ਼ਾਹਰੁਖ ਨੂੰ ਅੱਗੇ ਆਉਣ ਅਤੇ ਅਨਿਆਂ ਖ਼ਿਲਾਫ਼ ਲੜਾਈ ਵਿੱਚ ਉਸ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਲਿਕ ਨੇ ਦਾਅਵਾ ਕੀਤਾ ਕਿ ਇਸ ਸਾਜ਼ਿਸ਼ ਪਿੱਛੇ ਭਾਜਪਾ ਦੇ ਮੁੰਬਈ ਯੂਥ ਵਿੰਗ ਦੇ ਸਾਬਕਾ ਪ੍ਰਧਾਨ ਮੋਹਿਤ ਭਾਰਤੀਆ ਦਾ ਦਿਮਾਗ਼ ਸੀ। ਐੱਨਸੀਬੀ ਦੀ ਟੀਮ ਨੇ ਪਿਛਲੇ ਮਹੀਨੇ ਵਾਨਖੇੜੇ ਦੀ ਅਗਵਾਈ ਵਿੱਚ ਆਰੀਅਨ ਖਾਨ ਨੂੰ ਕਰੂਜ਼ਸ਼ਿਪ ਤੋਂ ਗ੍ਰਿਫ਼ਤਾਰ ਕੀਤਾ ਸੀ, ਜਿੱਥੇ ਕਥਿਤ ਨਸ਼ੀਲੇ ਪਦਾਰਥ ਬਰਾਮਦ ਹੋਏ ਸਨ। ਬੰਬੇ ਹਾਈ ਕੋਰਟ ਨੇ ਬਾਅਦ ਵਿੱਚ ਆਰੀਅਨ ਖਾਨ ਨੂੰ ਜ਼ਮਾਨਤ ਦੇ ਦਿੱਤੀ। ਐੱਨਸੀਪੀ ਆਗੂ ਮਲਿਕ ਨੇ ਵਾਰ ਵਾਰ ਕਰੂਜ਼ ਡਰੱਗ ਛਾਪੇ ਨੂੰ ‘ਫਰਜ਼ੀ’ ਕਰਾਰ ਦਿੱਤਾ ਹੈ ਅਤੇ ਵਾਨਖੇੜੇ ’ਤੇ ਲਗਾਤਾਰ ਦੋਸ਼ ਲਾਏ ਹਨ। ਮੰਤਰੀ ਨੇ ਅੱਜ ਦਾਅਵਾ ਕੀਤਾ ਕਿ ਵਾਨਖੇੜੇ ਉਪ ਨਗਰ ਉਸ਼ੀਵਾੜਾ ਦੇ ਕਬਰਿਸਤਾਨ ਵਿੱਚ ਭਾਰਤੀਆ ਨੂੰ ਮਿਲਿਆ ਸੀ। ਉਨ੍ਹਾਂ ਕਿਹਾ, ‘‘ਇਹ ਵਾਨਖੇੜੇ ਦੀ ਖ਼ੁਸ਼ਕਿਸਮਤੀ ਹੀ ਹੈ ਕਿ ਉਸ ਸਮੇਂ ਪੁਲੀਸ ਦੇ ਸੀਸੀਟੀਵੀ ਖ਼ਰਾਬ ਹੋਣ ਕਾਰਨ ਫੁਟੇਜ ਨਹੀਂ ਮਿਲ ਸਕੇ। ਇਸ ਲਈ, ਡਰ ਦੇ ਮਾਰੇ ਵਾਨਖੇੜੇ ਨੇ ਝੂਠੀ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਪਿੱਛਾ ਕੀਤਾ ਜਾ ਰਿਹਾ ਹੈ।’’ ਐੱਨਸੀਪੀ ਆਗੂ ਨੇ ਦੋਸ਼ ਲਾਇਆ, ‘‘ਕਥਿਤ ਕਰੂਜ਼ ਰੇਵ ਪਾਰਟੀ ਫਿਰੌਤੀ ਲਈ ਆਰੀਅਨ ਖ਼ਾਨ ਨੂੰ ਅਗਵਾ ਕਰਨ ਦੀ ਸਾਜ਼ਿਸ਼ ਸੀ, ਜਿਸ ਦਾ ‘ਸਾਜ਼ਿਸ਼ਘੜਾ’ ਮੋਹਿਤ ਭਾਰਤੀਆ ਸੀ।’’ ਉਨ੍ਹਾਂ ਦਾਅਵਾ ਕੀਤਾ ਕਿ ਭਾਰਤੀਆ ਨੇ ਆਪਣੇ ਰਿਸ਼ਤੇਦਾਰ ਰਿਸ਼ਭ ਸੱਚਦੇਵਾ ਰਾਹੀਂ ਆਰੀਅਨ ਖ਼ਾਨ ਨੂੰ ਅਗਵਾ ਕਰਨ ਦਾ ਜਾਲ ਵਿਛਾਇਆ ਸੀ। ਉਨ੍ਹਾਂ ਕਿਹਾ, ‘‘25 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਅਤੇ 18 ਕਰੋੜ ਵਿੱਚ ਸੌਦਾ ਤੈਅ ਹੋਇਆ। 50 ਲੱਖ ਰੁਪਏ ਦਿੱਤੇ ਜਾ ਚੁੱਕੇ ਸਨ। ਸੌਦਾ ਟੁੱਟ ਗਿਆ ਕਿਉਂਕਿ ਕੇਪੀ ਗੋਸਾਵੀ (ਕਰੂਜ਼ ਡਰੱਗ ਕੇਸ ਵਿੱਚ ਐੱਨਸੀਬੀ ਦਾ ਗਵਾਹ) ਦੀ ਹਿਰਾਸਤ ਦੌਰਾਨ ਲਈ ਗਈ ਆਰੀਅਨ ਨਾਲ ਸੈਲਫ਼ੀ ਵਾਇਰਲ ਹੋ ਗਈ ਸੀ।’’ ਉਨ੍ਹਾਂ ਦੋਸ਼ ਲਾਇਆ ਕਿ ਭਾਰਤੀਆ ਵੀ ਵਾਨਖੇੜੇ ਦੀ ‘ਨਿੱਜੀ ਫੌਜ’ ਦਾ ਮੈਂਬਰ ਸੀ ਅਤੇ ਪੱਤਰਕਾਰ ਆਰਕੇ ਬਜਾਜ ਤੇ ਐਡਵੋਕੇਟ ਪ੍ਰਦੀਪ ਨਾਂਬਿਆਰ ਵੀ ਇਸ ‘ਫੌਜ’ ਵਿੱਚ ਸਨ। -ਪੀਟੀਆਈ
ਬੁਖਾਰ ਹੋਣ ਕਾਰਨ ‘ਸਿਟ’ ਅੱਗੇ ਪੇਸ਼ ਨਹੀਂ ਹੋਇਆ ਆਰੀਅਨ
ਆਰੀਅਨ ਖਾਨ ਨੂੰ ਅੱਜ ਕਰੂਜ਼ ਡਰੱਗਸ ਕੇਸ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਵਿਸ਼ੇਸ਼ ਜਾਂਚ ਟੀਮ ਨੇ ਤਲਬ ਕੀਤਾ ਸੀ ਪਰ ਉਹ ਪੇਸ਼ ਨਹੀਂ ਹੋਇਆ। ਅਧਿਕਾਰੀ ਮੁਤਾਬਕ ਉਸ ਨੇ ਸਿਟ ਨੂੰ ਦੱਸਿਆ ਕਿ ਉਸ ਨੂੰ ਬੁਖਾਰ ਹੈ।
ਕੈਬਨਿਟ ਮੰਤਰੀ ਨੂੰ ਕਰੂਜ਼ ਪਾਰਟੀ ਵਿੱਚ ਸੱਦਣ ਬਾਰੇ ਮਲਿਕ ਚੁੱਪ ਕਿਉਂ: ਭਾਰਤੀਆ
ਉਧਰ, ਮੋਹਿਤ ਭਾਰਤੀਆ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਨਹੀਂ ਕਿਹਾ ਕਿ ਉਹ ਭਾਜਪਾ ਆਗੂ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮਲਿਕ ਨੇ ਕਦੇ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਕਿ ਭਗੌੜੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਸਹਿਯੋਗੀ ਚਿੰਕੂ ਪਠਾਨ ਨੇ ਸੂਬੇ ਦੇ ਤਤਕਾਲੀ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨਾਲ ਮੀਟਿੰਗ ਕਿਉਂ ਕੀਤੀ ਸੀ। ਉਨ੍ਹਾਂ ਕਿਹਾ, ‘‘ਚਿੰਕੂ ਪਠਾਨ ਦਾਊਦ ਦਾ ਨੇੜਲਾ ਸਾਥੀ ਹੈ… ਉਹ 20 ਜਨਵਰੀ 2020 ਨੂੰ ਸਹਿਯਾਦਰੀ ਗੈਸਟ ਹਾਊਸ ਵਿੱਚ ਕੀ ਕਰ ਰਿਹਾ ਸੀ? ਮਲਿਕ ਇਸ ਬਾਰੇ ਚੁੱਪ ਹਨ।’’ ਉਨ੍ਹਾਂ ਕਿਹਾ ਕਿ ਮਲਿਕ ਨੇ ਖ਼ੁਦ ਮੰਨਿਆ ਕਿ ਕਰੂਜ਼ ਪਾਰਟੀ ਵਿੱਚ ਇੱਕ ਕੈਬਨਿਟ ਮੰਤਰੀ ਨੂੰ ਵੀ ਸੱਦਿਆ ਗਿਆ ਸੀ। ਭਾਰਤੀਆ ਨੇ ਕਿਹਾ, ‘‘(ਮੰਤਰੀ) ਅਸਲਮ ਸ਼ੇਖ਼ ਦੱਸਣ ਕਿ ਕੋਈ ਵਿਅਕਤੀ ਮੰਤਰੀ ਅਤੇ ਮੰਤਰੀਆਂ ਦੇੇ ਪੁੱਤਾਂ-ਧੀਆਂ ਤੱਕ ਕਿਵੇਂ ਅਤੇ ਕਿਉਂ ਪਹੁੰਚ ਬਣਾ ਸਕਦਾ ਹੈ।’’ -ਪੀਟੀਆਈ