ਮੁੰਬਈ, 26 ਅਕਤੂਬਰ
ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੇ ਅੱਜ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੇ ਅਧਿਕਾਰੀ ਸਮੀਰ ਵਾਨਖੇੜੇ ’ਤੇ ਗੈਰ-ਕਾਨੂੰਨੀ ਤਰੀਕੇ ਨਾਲ ਫੋਨ ਟੈਪ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਉਹ ਅਧਿਕਾਰੀਆਂ ਦੀਆਂ ‘ਗਲਤ ਹਰਕਤਾਂ’ ‘ਤੇ ਏਜੰਸੀ ਪ੍ਰਮੁੱਖ ਨੂੰ ਪੱਤਰ ਸੌਂਪਣਗੇ। ਮਲਿਕ ਨੇ ਕਿਹਾ, ‘ਸਮੀਰ ਵਾਨਖੇੜੇ ਮੁੰਬਈ ਅਤੇ ਠਾਣੇ ਦੇ ਦੋ ਲੋਕਾਂ ਰਾਹੀਂ ਗੈਰ-ਕਾਨੂੰਨੀ ਤੌਰ ’ਤੇ ਕੁਝ ਲੋਕਾਂ ਦੇ ਮੋਬਾਈਲ ਫੋਨਾਂ ਨੂੰ ਟਰੈਕ ਕਰ ਰਿਹਾ ਹੈ।’ ਆਪਣੇ ਜਵਾਈ ਦੀ ਗ੍ਰਿਫ਼ਤਾਰੀ ਤੋਂ ਬਾਅਦ ਮਲਿਕ ਕਾਫ਼ੀ ਨਾਰਾਜ਼ ਹਨ ਤੇ ਉਹ ਲਗਾਤਾਰ ਅਧਿਕਾਰੀ ’ਤੇ ਨਿੱਤ ਨਵੇਂ ਦੋਸ਼ ਲਗਾ ਰਹੇ ਹਨ।
ਨਵੀਂ ਦਿੱਲੀ: ਇਸ ਦੌਰਾਨ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੀ ਮੁੰਬਈ ਖੇਤਰੀ ਇਕਾਈ ਦੇ ਡਾਇਰੈਕਟਰ ਸਮੀਰ ਵਾਨਖੇੜੇ ਅੱਜ ਨਵੀਂ ਦਿੱਲੀ ਵਿੱਚ ਏਜੰਸੀ ਦੇ ਹੈੱਡਕੁਆਰਟਰ ਪਹੁੰਚੇ। ਵਾਨਖੇੜੇ ਪਿਛਲੇ ਗੇਟ ਰਾਹੀਂ ਆਰਕੇ ਪੁਰਮ ਸਥਿਤ ਏਜੰਸੀ ਦੇ ਹੈੱਡਕੁਆਰਟਰ ਵਿੱਚ ਦਾਖਲ ਹੋਏ, ਜਿੱਥੇ ਉਹ ਸੀਨੀਅਰ ਅਧਿਕਾਰੀਆਂ ਨੂੰ ਮਿਲੇ। ਉਹ ਸੋਮਵਾਰ ਰਾਤ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ ਸਨ।