ਲਖਨਊ, 18 ਅਕਤੂਬਰ
ਸਮਾਜਵਾਦੀ ਪਾਰਟੀ ਵੱਲੋਂ ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧੇ ਖਿਲਾਫ ਅੱਜ ਉਤਰ ਪ੍ਰਦੇਸ਼ ਅਸੈਂਬਲੀ ਬਾਹਰ ਪ੍ਰਦਰਸ਼ਨ ਕੀਤਾ ਗਿਆ। ਪਾਰਟੀ ਵਰਕਰਾਂ ਨੇ ਐਲਪੀਜੀ ਸਿਲੰਡਰਾਂ ਦੇ ਪੋਸਟਰ ਹੱਥਾਂ ਵਿਚ ਫੜ ਕੇ ਰੋਸ ਜਤਾਇਆ। ਇਸ ਮੌਕੇ ਉਨ੍ਹਾਂ ਕਾਲੇ ਗੁਬਾਰੇ ਵੀ ਲਹਿਰਾਏ। ਉਨ੍ਹਾਂ ਸੂਬਾ ਸਰਕਾਰ ਨੂੰ ਘੇਰਦਿਆਂ ਗਲੀਆਂ ਤਕ ਰੋਸ ਮਾਰਚ ਕੀਤਾ ਤੇ ਸਰਕਾਰ ਵਿਰੋਧੀ ਨਾਅਰੇ ਲਾਏ। ਇਹ ਪ੍ਰਦਰਸ਼ਨ ਵਿਧਾਨ ਸਭਾ ਦੇ ਇਕ ਦਿਨਾ ਵਿਸ਼ੇਸ਼ ਸਦਨ ਸੱਦਣ ਤੋਂ ਇਕ ਦਿਨ ਪਹਿਲਾਂ ਕੀਤਾ ਗਿਆ। ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਨੇ ਤੇਲ ਤੇ ਗੈਸ ਕੀਮਤਾਂ ਵਿਚ ਵਾਧੇ ਖ਼ਿਲਾਫ਼ ਟਵੀਟ ਕੀਤਾ। ਉਨ੍ਹਾਂ ਕਿਹਾ ਕਿ ਇਸ ਵੇਲੇ ਸਿਲੰਡਰ ਇਕ ਹਜ਼ਾਰ ਰੁਪਏ ਵਿਚ ਪੈ ਰਿਹਾ ਹੈ ਤੇ ਇਹ ਸਿਲੰਡਰ ਭਾਜਪਾ ਨੂੰ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਲਈ ਮਹਿੰਗਾ ਪਵੇਗਾ। ਘਰੇਲੂ ਗੈਸ ਕੀਮਤਾਂ ਵਿਚ ਵਾਧੇ ਖ਼ਿਲਾਫ਼ ਕਾਂਗਰਸ, ਸਮਾਜਵਾਦੀ ਪਾਰਟੀ ਤੇ ਹੋਰ ਪਾਰਟੀਆਂ ਵੱਲੋਂ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਜਾ ਰਹੀ ਹੈ। -ਪੀਟੀਆਈ