ਲਖਨਊ, 1 ਅਗਸਤ
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਅੱਜ ਕਿਹਾ ਹੈ ਕਿ ਸਾਰੀਆਂ ਛੋਟੀਆਂ ਪਾਰਟੀਆਂ ਲਈ ਯੂਪੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀ ਪਾਰਟੀ ਨਾਲ ਗੱਠਜੋੜ ਵਾਸਤੇ ਦਰ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਉਹ ਭਾਜਪਾ ਨੂੰ ਹਰਾਉਣ ਲਈ ਅਜਿਹੇ ਸਿਆਸੀ ਦਲਾਂ ਨੂੰ ਇਕੱਠੇ ਲਿਆਉਣ ਦੀਆਂ ਕੋਸ਼ਿਸ਼ਾਂ ਕਰਨਗੇ। ਉਨ੍ਹਾਂ ਕਾਂਗਰਸ ਅਤੇ ਬਸਪਾ ਨੂੰ ਵੀ ਸਵਾਲ ਕੀਤਾ ਕਿ ਉਹ ਭਾਜਪਾ ਨੂੰ ਹਰਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਜਾਂ ਸਮਾਜਵਾਦੀ ਪਾਰਟੀ ਨੂੰ ਹਰਾਉਣਾ ਚਾਹੁੰਦੇ ਹਨ। ਅਖਿਲੇਸ਼ ਨੇ ਪੈਗਾਸਸ ਜਾਸੂਸੀ ਕਾਂਡ ਲਈ ਵੀ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ,‘‘ਐੱਨਡੀਏ ਕੋਲ ਲੋਕ ਸਭਾ ’ਚ 350 ਤੋਂ ਜ਼ਿਆਦਾ ਸੀਟਾਂ ਹਨ।
ਭਾਜਪਾ ਦੀ ਕਈ ਸੂਬਿਆਂ ’ਚ ਸਰਕਾਰਾਂ ਹਨ। ਸਰਕਾਰ ਜਾਸੂਸੀ ਰਾਹੀਂ ਕੀ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ? ਉਹ ਅਜਿਹੇ ਕਦਮ ਉਠਾ ਕੇ ਵਿਦੇਸ਼ੀ ਤਾਕਤਾਂ ਦੀ ਸਹਾਇਤਾ ਕਰ ਰਹੀ ਹੈ। ਭਾਜਪਾ ਆਪਣੇ ਆਪ ਨੂੰ ਰਾਸ਼ਟਰਵਾਦੀ ਅਖਵਾਉਂਦੀ ਹੈ। ਕੀ ਇਹ ਕੌਮੀ ਸੁਰੱਖਿਆ ਨਾਲ ਜੁੜਿਆ ਮਾਮਲਾ ਨਹੀਂ ਹੈ? ਕੀ ਉਹ ਦੇਸ਼ਧ੍ਰੋਹੀਆਂ ਵਾਲਾ ਕੰਮ ਨਹੀਂ ਕਰ ਰਹੇ ਹਨ। ਕੇਂਦਰ ਵਿਰੋਧੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਲਈ ਅਦਾਰਿਆਂ ਦੀ ਦੁਰਵਰਤੋਂ ਕਰ ਰਿਹਾ ਹੈ।’’ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਬਾਰੇ ਅਖਿਲੇਸ਼ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਕਿਸਾਨਾਂ ਨਾਲ ਹੈ। ‘ਅਸੀਂ ਚਾਹੁੰਦੇ ਹਾਂ ਕਿ ਕਿਸਾਨਾਂ ਦੀ ਜ਼ਮੀਨ ਪੂੰਜੀਪਤੀਆਂ ਦੇ ਹੱਥਾਂ ’ਚ ਨਾ ਜਾਵੇ। ਅਸੀਂ ਕਿਸਾਨਾਂ ਦੀ ਲੜਾਈ ਲੜਾਂਗੇ।’ ਉਨ੍ਹਾਂ ਕਿਹਾ ਕਿ ਜੇਕਰ ਸਮਾਜਵਾਦੀ ਪਾਰਟੀ ਸੱਤਾ ’ਚ ਆਈ ਤਾਂ ਸਿੱਖਿਆ ਮਿੱਤਰਾਂ ਨੂੰ ਪੱਕਾ ਕੀਤਾ ਜਾਵੇਗਾ। -ਪੀਟੀਆਈ