ਨਵੀਂ ਦਿੱਲੀ/ਸ੍ਰੀਨਗਰ, 26 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਕਾਰਗਿਲ ਵਿਜੈ ਦਿਵਸ’ ਮੌਕੇ ਅੱਜ ਦੇਸ਼ ਲਈ ਜਾਨਾਂ ਵਾਰਨ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਜ਼ਿਕਰਯੋਗ ਹੈ ਕਿ 26 ਜੁਲਾਈ ਨੂੰ ਵਿਜੈ ਦਿਵਸ ਭਾਰਤ ਦੀ 1999 ਵਿਚ ਪਾਕਿਸਤਾਨ ’ਤੇ ਜਿੱਤ ਦੀ ਯਾਦ ਵਜੋਂ ਮਨਾਇਆ ਜਾਂਦਾ ਹੈ। ਲੱਦਾਖ ਦੇ ਕਾਰਗਿਲ ਵਿਚ ਇਹ ਹਥਿਆਰਬੰਦ ਟਕਰਾਅ 60 ਤੋਂ ਵੱਧ ਦਿਨ ਚੱਲਿਆ ਸੀ। ਇਕ ਟਵੀਟ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ‘ਅਸੀਂ ਉਨ੍ਹਾਂ ਦੇ ਬਲਿਦਾਨ ਨੂੰ ਯਾਦ ਕਰਦੇ ਹਾਂ। ਉਨ੍ਹਾਂ ਦੀ ਬਹਾਦਰੀ ਨੂੰ ਯਾਦ ਕਰਦੇ ਹਾਂ। ਉਨ੍ਹਾਂ ਦੀ ਬਹਾਦਰੀ ਸਾਨੂੰ ਹਰ ਦਿਨ ਪ੍ਰੇਰਿਤ ਕਰਦੀ ਹੈ। ਦੇਸ਼ਭਗਤੀ ਦੀ ਇਹ ਭਾਵਨਾ ਸਾਨੂੰ ਇਕਜੁੱਟ ਕਰਦੀ ਹੈ।’ ਰੱਖਿਆ ਮੰਤਰੀ ਰਾਜਨਾਥ ਸਿੰਘ., ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਰੱਖਿਆ ਰਾਜ ਮੰਤਰੀ ਅਜੈ ਭੱਟ, ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ, ਫ਼ੌਜ ਮੁਖੀ ਜਨਰਲ ਐਮ.ਐਮ. ਨਰਵਾਣੇ, ਹਵਾਈ ਸੈਨਾ ਮੁਖੀ ਏਅਰ ਚੀਫ਼ ਮਾਰਸ਼ਲ ਆਰ.ਕੇ.ਐੱਸ. ਭਦੌਰੀਆ ਤੇ ਹੋਰਾਂ ਨੇ ਵੀ ਜੰਗੀ ਯਾਦਗਾਰ ਉਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। -ਪੀਟੀਆਈ
ਰਾਸ਼ਟਰਪਤੀ ਕੋਵਿੰਦ ਦਾ ਦਰਾਸ ਦੌਰਾ ਖ਼ਰਾਬ ਮੌਸਮ ਕਾਰਨ ਰੱਦ
ਸ੍ਰੀਨਗਰ: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦਾ ਦਰਾਸ (ਲੱਦਾਖ) ਦੌਰਾ ਅੱਜ ਖ਼ਰਾਬ ਮੌਸਮ ਕਾਰਨ ਰੱਦ ਹੋ ਗਿਆ। ਉਨ੍ਹਾਂ ‘ਕਾਰਗਿਲ ਵਿਜੈ ਦਿਵਸ’ ਦੀ 22ਵੀਂ ਵਰ੍ਹੇਗੰਢ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨੀ ਸੀ। ਤਿੰਨ ਸਾਲਾਂ ਵਿਚ ਇਹ ਦੂਜੀ ਵਾਰ ਹੋਇਆ ਹੈ ਜਦ ਰਾਸ਼ਟਰਪਤੀ ਵਿਜੈ ਦਿਵਸ ਦੇ ਸਮਾਰੋਹਾਂ ਵਿਚ ਸ਼ਮੂਲੀਅਤ ਨਹੀਂ ਕਰ ਸਕੇ ਕਿਉਂਕਿ ਜਹਾਜ਼ ਖਰਾਬ ਮੌਸਮ ਕਾਰਨ ਉਡਾਣ ਨਹੀਂ ਭਰ ਸਕਿਆ। 2019 ਵਿਚ ਵੀ ਕੋਵਿੰਦ ਦਰਾਸ ਨਹੀਂ ਸਨ ਜਾ ਸਕੇ ਤੇ ਉਨ੍ਹਾਂ ਫ਼ੌਜ ਦੀ 15 ਕੋਰ ਦੇ ਹੈੱਡਕੁਆਰਟਰ ਬਦਾਮੀਬਾਗ਼ (ਸ੍ਰੀਨਗਰ) ’ਚ ਜੰਗੀ ਯਾਦਗਾਰ ’ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਸੀ। ਜਦਕਿ 2020 ਵਿਚ ਵਿਜੈ ਦਿਵਸ ਸਮਾਰੋਹ ਕਰੋਨਾ ਮਹਾਮਾਰੀ ਕਾਰਨ ਨਹੀਂ ਕਰਵਾਏ ਜਾ ਸਕੇ। ਰਾਸ਼ਟਰਪਤੀ ਨੇ ਮਗਰੋਂ ਬਾਰਾਮੂਲਾ ਜੰਗੀ ਯਾਦਗਾਰ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। -ਪੀਟੀਆਈ